Nitnem Baniya (Amrit-Myi Baniya Da Guldasta) - Sohila

Sunn Galaa Aakaas Kee

Nitnem Baniya (Amrit-Myi Baniya Da Guldasta) - Sohila

ਸੋਹਿਲਾ ਰਾਗੁ ਗਉੜੀ ਦੀਪਕੀ ਮਹਲਾ ੧
ੴ ਸਤਿਗੁਰ ਪ੍ਰਸਾਦਿ ll

ਰਾਗ ਗਉੜੀ ਵਿੱਚ ਸੋਹਿਲਾ ਬਾਣੀ ਦੇ ਸਿਰਲੇਖ ਹੇਠ, ਸ਼੍ਰੀ ਗੁਰੂ ਨਾਨਕ ਦੇਵ ਜੀ ਕਥਨ ਕਰਦੇ ਹਨ।

ਜੈ ਘਰਿ ਕੀਰਤਿ ਆਖੀਐ ਕਰਤੇ ਕਾ ਹੋਇ ਬੀਚਾਰੋ ll
ਤਿਤੁ ਘਰਿ ਗਾਵਹੁ ਸੋਹਿਲਾ ਸਿਵਰਿਹੁ ਸਿਰਜਣਹਾਰੋ ll੧ll

ਅਰਥ:- ਜਿਸ ਹਿਰਦੇ ਘਰ ਅੰਦਰੋਂ ਪ੍ਰਮਾਤਮਾ ਦੀ ਸਿਫ਼ਤ ਸਲਾਹ ਕੀਤੀ ਜਾਂਦੀ ਹੈ ਅਤੇ ਇਸ ਸ੍ਰਿਸ਼ਟੀ ਨੂੰ ਬਣਾਉਣ ਵਾਲੇ ਪ੍ਰਮਾਤਮਾ ਬਾਰੇ ਵਿਚਾਰਾਂ ਕੀਤੀਆਂ ਜਾਂਦੀਆਂ ਹਨ l ਉਸ ਹਿਰਦੇ ਅੰਦਰ ਧਿਆਨ ਕਰਕੇ, ਉਸ ਦੀ ਯਾਦ ਦੇ ਸੋਹਿਲੇ ਨੂੰ ਗਾਉਣਾ ਕਰੋ ਅਤੇ ਸਥਿਰ(ਸੁੰਨ) ਪ੍ਰਮਾਤਮਾ ਦੇ ਅਨੁਭਵ ਨੂੰ ਹਿਰਦੇ ਅੰਦਰੋਂ ਪ੍ਰਗਟ ਕਰੋ l

ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ll
ਹਉ ਵਾਰੀ ਜਿਤੁ ਸੋਹਿਲੈ ਸਦਾ ਸੁਖੁ ਹੋਇ ll੧ll ਰਹਾਉll

ਅਰਥ:- ਤੁਸੀਂ ਮੇਰੇ ਨਿਰਭਉ ਪ੍ਰਭੂ ਦੀ ਯਾਦ ਦਾ ਸੋਹਿਲਾ ਗਾਉਣਾ ਕਰੋ l ਉਸ ਨਿਰਵਿਚਾਰ ਅਵਸਥਾ ਵਾਲੀ ਯਾਦ ਦੇ ਸੋਹਿਲੇ ਤੋਂ ਮੈਂ ਬਲਿਹਾਰ ਜਾਂਦਾ ਹਾਂ, ਜਿਸ ਨਾਲ ਹਿਰਦੇ ਵਿੱਚ ਸਦਾ ਅਨੰਦ ਬਣਿਆ ਰਹਿੰਦਾ ਹੈ l ਇੱਥੇ ‘ਸੋਹਿਲਾ’ ਸ਼ਬਦ ਦਾ ਅਰਥ- ਅੱਖਰਾਂ ਦੁਆਰਾ ਪ੍ਰਮਾਤਮਾ ਦੀ ਉਸਤਤੀ ਕਰਨ ਤੋਂ ਨਹੀਂ ਹੈ l ਉੱਪਰ ਵਾਲੀ ਪੰਕਤੀ ਤੋਂ ਸੱਪਸ਼ਟ ਹੋ ਜਾਂਦਾ ਹੈ ਕਿ ਇਹ ਉਹ ਅਫੁਰ ਅਵਸਥਾ ਹੈ; ਜਿਸ ਵਿੱਚ ਅਸੀਂ ਪ੍ਰਭੂ ਨਾਲ ਮਿਲ ਕੇ, ਉਸ ਦੀ ਸਿਰਫ਼ ਯਾਦ ਮਾਤਰ ਹੀ ਰਹਿ ਜਾਂਦੇ ਹਾਂ l ਉਸੇ ਯਾਦ, ਲਿਵ ਨੂੰ ਗੁਰੂ ਜੀ ਨੇ ਲੱਗਭਗ ਹਰ ਇੱਕ ਜਗ੍ਹਾ ਸੋਹਿਲੇ ਸ਼ਬਦ ਨਾਲ ਪ੍ਰੀਭਾਸ਼ਿਤ ਕੀਤਾ ਹੈ l ਸੋਹਿਲੇ ਤੋਂ ਭਾਵ- ਉਹ ਅਨੰਦ, ਖੇੜਾ, ਉਤਸਵ ਜੋ ਪ੍ਰਭੂ ਦੀ ਯਾਦ ਵਿੱਚ ਪੈਦਾ ਹੋ ਜਾਵੇ l

ਨਿਤ ਨਿਤ ਜੀਅੜੇ ਸਮਾਲੀਅਨਿ ਦੇਖੈਗਾ ਦੇਵਣਹਾਰੁ ll
*ਤੇਰੇ ਦਾਨੈ ਕੀਮਤਿ ਨਾ ਪਵੈ ਤਿਸੁ ਦਾਤੇ ਕਵਣੁ ਸੁਮਾਰੁ ll੨ll

ਅਰਥ:-ਜਿਸ ਵੇਲੇ ਤੂੰ ਹਰ ਪਲ ਦੀ ਤਰ੍ਹਾਂ; ਆਪਣੇ ਹਿਰਦੇ ਅੰਦਰੋਂ, ਉਸ ਨਿਰਾਕਾਰ ਪ੍ਰਭੂ ਨੂੰ ਹਰ ਰੋਜ਼ ਯਾਦ ਕਰੇਂਗਾ, ਤਾਂ ਫਿਰ ਤੂੰ ਉਸ ਦਾਤਾਂ ਦੇਣ ਵਾਲੇ ਪ੍ਰਭੂ ਨੂੰ, ਹਰ ਜਗ੍ਹਾ ਦੇਖ ਸਕੇਂਗਾ l ਉਸ ਪ੍ਰਮਾਤਮਾ ਨੂੰ ਦੇਖਣ ਵਾਲੀ ਤੇਰੇ ਅੰਦਰੋਂ ਸੂਝ(ਅਨੁਭਵ) ਦੀ ਕੀਮਤ ਨਹੀਂ ਪਾਈ ਜਾ ਸਕਦੀ l ਫਿਰ ਐਸੇ ਦਾਤੇ ਨੂੰ ਕੌਣ ਯਾਦ ਨਹੀਂ ਕਰਦਾ ?(ਭਾਵ- ਸਭ ਲੋਕ ਯਾਦ ਕਰਦੇ ਹਨ) l (ਜਾਂ) ਫਿਰ ਉਸ ਦਾਤੇ ਨੂੰ ਕਿਸ ਢੰਗ ਨਾਲ ਯਾਦ ਕੀਤਾ ਜਾਵੇ ?

ਸੰਬਤਿ ਸਾਹਾ ਲਿਖਿਆ ਮਿਲਿ ਕਰਿ ਪਾਵਹੁ ਤੇਲੁ ll
ਦੇਹੁ ਸਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ ll੩ll

ਅਰਥ:- ਪ੍ਰਮਾਤਮਾ ਨੇ ਆਪਣਾ ਮਿਲਾਪ ਕਰਾਉਣ ਵਾਸਤੇ ਸਾਲ ਅਤੇ ਤਰੀਖਾਂ ਦਾ ਸਮਾਂ ਨਿਸ਼ਚਤ ਕਰਕੇ, ਸਾਹਾ ਪੱਤਰ ਲਿਖ ਦਿੱਤਾ l ਆਪਣੇ ਹਿਰਦੇ ਅੰਦਰੋਂ ਅਫੁਰ ਅਵਸਥਾ ਨਾਲ ਜੁੜੇ ਰਹਿਣਾ l ਇਸ ਤਰ੍ਹਾਂ ਦਾ ਤੁਸੀਂ ਮਿਲਾਪ ਦੇ ਦਰਵਾਜ਼ੇ ਤੇ ਤੇਲ ਪਾਉਣਾ ਕਰੋ l ਹੇ ਗੁਰਮੁਖ ਸੱਜਣੋ! ਹੁਣ ਸਾਨੂੰ ਇਹ ਆਸ਼ੀਰਵਾਦ ਦੇਵੋ, ਜਿਸ ਨਾਲ ਸਾਡਾ ਉਸ ਸਾਹਿਬ ਪ੍ਰਮਾਤਮਾ ਨਾਲ ਮਿਲਾਪ ਹੋ ਜਾਵੇ l

ਘਰਿ ਘਰਿ ਏਹੋ ਪਾਹੁਚਾ ਸਦੜੇ ਨਿਤ ਪਵੰਨਿ ll
ਸਦਣਹਾਰਾ ਸਿਮਰੀਐ ਨਾਨਕ ਸੇ ਦਿਹ ਆਵੰਨਿ ll੪ll੧ll

ਅਰਥ:- ਸਾਰਿਆਂ ਗੁਰਮੁਖ ਸੱਜਣਾ ਦੇ ਹਿਰਦੇ 'ਘਰਿ' ਵਿੱਚ; ਇਹ ਸਾਹਾ ਪੱਤਰ ਪ੍ਰਮਾਤਮਾ ਵੱਲੋਂ ਪਹੁੰਚ ਜਾਂਦਾ ਹੈ ਅਤੇ ਪ੍ਰਮਾਤਮਾ ਨਿੱਤ ਹੀ ਉਹਨਾਂ ਗੁਰਮੁਖਾਂ ਨੂੰ ਸੱਦਾ ਦੇ ਕੇ, ਹਿਰਦੇ ਅੰਦਰੋਂ ਨਿਰਾਕਾਰ ਦਾ ਅਨੁਭਵ ਕਰਨ ਨੂੰ ਬੁਲਾਉਂਦਾ ਹੈ l ਗੁਰੂ ਜੀ ਕਹਿੰਦੇ ਹਨ ਕਿ ਫਿਰ ਉਹ ਦਿਨ ਵੀ ਆ ਜਾਂਦਾ ਹੈ; ਜਿਸ ਵੇਲੇ ਸੱਜਣ ਪ੍ਰਭੂ ਦੀ ਯਾਦ ਅੰਦਰ ਜੁੜ ਕੇ, ਇੱਕ ਹੋ ਜਾਂਦੇ ਹਾਂ l

ਰਾਗੁ ਆਸਾ ਮਹਲਾ ੧ ll
ਛਿਅ ਘਰ ਛਿਅ ਗੁਰ ਛਿਅ ਉਪਦੇਸ ll ਗੁਰੁ ਗੁਰੁ ਏਕੋ ਵੇਸ ਅਨੇਕ ll੧ll

ਸ਼ਾਸਤਰਾਂ ਦੀ ਉਦਾਹਰਣ ਰਾਹੀਂ ਗੁਰੂ ਜੀ ਸਮਝਾਉਂਦੇ ਹਨ l

ਅਰਥ:-ਸਨਾਤਨ ਧਰਮ ਦੇ ਗ੍ਰੰਥਾਂ ਵਿੱਚ ਛੇ ਸ਼ਾਸਤਰ ਹਨ ਅਤੇ ਉਹਨਾਂ ਨੂੰ ਛੇ ਅਲੱਗ-ਅਲੱਗ ਗੁਰੂਆਂ ਨੇ ਲਿਖਿਆ ਹੈ l ਉਹਨਾਂ ਛੇ ਸ਼ਾਸਤਰਾਂ ਦੇ ਉਪਦੇਸ਼ ਵੀ ਵੱਖ-ਵੱਖ ਹਨ l ਸਾਰਿਆਂ ਸ਼ਾਸਤਰਾਂ ਵਿੱਚ ਮੁੱਖ ਸਿਧਾਂਤ ਇੱਕ ਹੈ, ਪਰ ਉਹਨਾਂ ਦੇ ਦੱਸਣ ਦੇ ਢੰਗ ਅਨੇਕਾਂ ਹਨ l

ਬਾਬਾ ਜੈ ਘਰਿ ਕਰਤੇ ਕੀਰਤਿ ਹੋਇ ll
ਸੋ ਘਰੁ ਰਾਖੁ ਵਡਾਈ ਤੋਇ ll੧ll ਰਹਾਉ ll

ਅਰਥ:- ਹੇ ਸਿਆਣੇ ਗੁਰਮੁਖ ! ਜਿਸ ਆਤਮਿਕ ਅਵਸਥਾ ਵਿੱਚ, ਪ੍ਰਮਾਤਮਾ ਦਾ ਸਦਾ ਜਸ ਹੁੰਦਾ ਰਹਿੰਦਾ ਹੈ l ਉਹ ਹਿਰਦਾ ਨਿਰਾਕਾਰ ਪ੍ਰਭੂ ਨੇ, ਤੇਰੇ ਲਈ ਵਡਿਆਈ ਕਰਨ ਵਾਸਤੇ ਰੱਖਿਆ ਹੋਇਆ ਹੈ l

ਭਾਵ:-ਤੂੰ ਜ਼ੁਬਾਨ ਤੋਂ ਵਡਿਆਈ ਕਰਨ ਦੀ ਬਜਾਏ, ਉਸ ਅਵਸਥਾ ਨੂੰ ਪ੍ਰਾਪਤ ਕਰ l ਉਸੇ ਵਿੱਚ ਹੀ ਵਡਿਆਈ ਹੋ ਸਕਦੀ ਹੈ l

ਵਿਸੁਏ ਚਸਿਆ ਘੜੀਆ ਪਹਰਾ ਥਿਤੀ ਵਾਰੀ ਮਾਹੁ ਹੋਆ ll
ਸੂਰਜੁ ਏਕੋ ਰੁਤਿ ਅਨੇਕ ll ਨਾਨਕ ਕਰਤੇ ਕੇ ਕੇਤੇ ਵੇਸ ll੨ll੨ll

ਅਰਥ:- ਮਨੁੱਖ ਨੇ ਸਮੇਂ ਨੂੰ ਵੰਡ ਕੇ ਵਿਸਵੇ, ਚਸੇ, ਘੜੀਆਂ, ਪਹਰ, ਥਿਤੀ ਅਤੇ ਹਫ਼ਤੇ ਦੇ ਵਾਰ ਬਣਾ ਦਿੱਤੇ l ਵਾਰਾਂ ਤੋਂ ਬਾਅਦ ਸਮਾਂ ਮਹੀਨਿਆਂ ਵਿੱਚ ਹੋ ਗਿਆ l ਸੂਰਜ ਇਹਨਾਂ ਸਾਰਿਆਂ ਸਮਿਆਂ ਵਿੱਚ ਇੱਕੋ ਜਿਹਾ ਰਹਿੰਦਾ ਹੈ, ਪਰ ਰੁੱਤਾਂ ਅਨੇਕਾਂ ਬਣ ਜਾਂਦੀਆਂ ਹਨ l ਗੁਰੂ ਜੀ ਕਹਿੰਦੇ ਹਨ ਪ੍ਰਮਾਤਮਾ ਨੇ ਹੀ ਇਹ ਕਿੰਨੇ ਸਾਰੇ, ਆਪਣੇ ਸਰੂਪ ਬਣਾਏ ਹੋਏ ਹਨ l

ਭਾਵ:- ਸਮੇਂ ਦੀ ਇਸ ਤਰ੍ਹਾਂ ਵੰਡ ਕਰ ਦੇਣ ਨਾਲ, ਸੂਰਜ ਤੇ ਕੋਈ ਪ੍ਰਭਾਵ ਨਹੀਂ ਪੈਂਦਾ l ਇਸੇ ਤਰ੍ਹਾਂ ਅਸੀਂ ਮਨ-ਬੁੱਧੀ ਰਾਹੀਂ ਪ੍ਰਮਾਤਮਾ ਦੇ ਕਿੰਨੇ ਵੀ ਸਰੂਪ ਕਲਪ ਲਈਏ, ਪਰ ਉਹ ਨਿਰਾਕਾਰ ਪ੍ਰਮਾਤਮਾ ਸਦਾ ਇੱਕ ਸਮਾਨ ਰਹੇਗਾ l

ਰਾਗੁ ਧਨਾਸਰੀ ਮਹਲਾ ੧ ll
ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ll
ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ ll੧ll

ਅਰਥ:- ਅਕਾਸ਼ ਵਰਗੇ ਥਾਲ ਵਿੱਚ ਸੂਰਜ ਅਤੇ ਚੰਦ੍ਰਮਾ ਪ੍ਰਮਾਤਮਾ ਨੇ ਦੀਪਕ(ਦੀਵੇ) ਬਣਾ ਦਿੱਤੇ ਅਤੇ ਤਾਰਿਆਂ ਦੇ ਸਮੂਹ ਉਸ ਥਾਲ ਵਿੱਚ ਮੋਤੀਆਂ ਦੀ ਤਰ੍ਹਾਂ ਫੱਬ ਰਹੇ ਹਨ l ਚੰਦਨ ਦੇ ਬੂਟਿਆਂ ਦੀ ਖੁਸ਼ਬੋ, ਧੂਪ ਵਾਂਗ ਸੁਗੰਧੀ ਅਤੇ ਹਵਾ ਤੈਨੂੰ ਚੌਰ ਝੁਲਾ ਰਹੀ ਹੈ l ਸਾਰੀ ਬਨਸਪਤੀ ਉਸ ਦੀਵੇ ਦੀ ਜੋਤੀ ਵਾਂਗ ਫੁੱਲ ਦੇ ਰਹੀ ਹੈ l

ਕੈਸੀ ਆਰਤੀ ਹੋਇ ll
ਭਵ ਖੰਡਨਾ ਤੇਰੀ ਆਰਤੀ ll

ਅਰਥ:- ਹੇ ਪ੍ਰਭੂ ! ਇਸ ਸਾਰੀ ਕੁਦਰਤ ਦੁਆਰਾ, ਤੇਰੀ ਕਿਸ ਤਰ੍ਹਾਂ ਦੀ ਆਰਤੀ ਹੋ ਰਹੀ ਹੈ ? ਸ੍ਰਿਸ਼ਟੀ ਨੂੰ ਅਲੱਗ-ਅਲੱਗ ਟੁਕੜਿਆਂ ਵਿੱਚ ਵੰਡ ਦੇਣਾ, ਇਹ ਸਭ ਤੇਰੀ ਹੀ ਆਰਤੀ ਹੋ ਰਹੀ ਹੈ l

ਅਨਹਤਾ ਸਬਦ ਵਾਜੰਤ ਭੇਰੀ ll੧ll ਰਹਾਉ ll

ਅਰਥ:- ਤੇਰੀ ਦਿੱਤੀ ਹੋਈ ਅਫੁਰ ਅਵਸਥਾ ਵਿੱਚ, ਜੋ ਅਨਹਦ ਸ਼ਬਦ ਵੱਜ ਰਹੇ ਹਨ, ਇਹ ਤੇਰੇ ਅੱਗੇ ਆਰਤੀ ਵਿੱਚ ਸ਼ਹਿਨਾਈਆਂ ਵੱਜ ਰਹੀਆਂ ਹਨ l

ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੋੁਹੀ ll

ਅਰਥ:- ਹੇ ਪ੍ਰਭੂ ! ਤੇਰੇ ਸਰਗੁਣ ਸਰੂਪ ਵਿੱਚ ਪ੍ਰਾਣੀਆਂ ਨੂੰ ਲੈ ਕੇ; ਤੇਰੀਆਂ ਹਜ਼ਾਰਾਂ ਅੱਖਾਂ ਹਨ, ਪਰ ਨਿਰਾਕਾਰ ਸਰੂਪ ਵਿੱਚ ਤੇਰੀ ਕੋਈ ਵੀ ਅੱਖ ਨਹੀਂ ਹੈ l ਸਰਗੁਣ ਸਰੂਪ ਵਿੱਚ ਤੇਰੀਆਂ ਹਜ਼ਾਰਾਂ ਮੂਰਤੀਆਂ ਹਨ, ਪਰ ਨਿਰਗੁਣ ਵਿੱਚ ਤੇਰੀ ਕੋਈ ਵੀ ਮੂਰਤ ਨਹੀਂ, ਕੇਵਲ ਇੱਕ ਤੂੰ ਹੀ ਹੈਂ l

ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ
ਸਹਸ ਤਵ ਗੰਧ ਇਵ ਚਲਤ ਮੋਹੀ ll੨ll

ਅਰਥ:-ਇਸੇ ਤਰ੍ਹਾਂ ਹਜ਼ਾਰਾਂ ਤੇਰੇ ਨਿਰਮਲ ਪੈਰ ਹਨ, ਪਰ ਨਿਰਗੁਣ ਵਿੱਚ ਤੇਰਾ ਇੱਕ ਵੀ ਪੈਰ ਨਹੀਂ ਹੈ l ਸਰਗੁਣ ਵਿੱਚ ਤੇਰੇ ਹਜ਼ਾਰਾਂ ਨੱਕ ਹਨ, ਪਰ ਨਿਰਗੁਣ ਵਿੱਚ ਤੇਰਾ ਕੋਈ ਵੀ ਨੱਕ ਨਹੀਂ ਹੈ l ਇਸ ਤਰ੍ਹਾਂ ਦੇ ਕੌਤਕਾਂ ਨਾਲ, ਤੂੰ ਸਾਰੇ ਸੰਸਾਰ ਨੂੰ ਮੋਹਿਆ ਹੋਇਆ ਹੈ l

ਸਭ ਮਹਿ ਜੋਤਿ ਜੋਤਿ ਹੈ ਸੋਇ ll
ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ ll

ਅਰਥ:- ਸਾਰਿਆਂ ਵਿੱਚ ਉਸ ਪ੍ਰਭੂ ਦੀ ਜੋਤ(ਆਤਮਾ) ਹੈ l ਉਹ ਆਤਮਾ ਹੀ ਨਿਰਾਕਾਰ ਪ੍ਰਭੂ ਹੈ l ਉਸ ਆਤਮਾ ਦੇ ਗਿਆਨ ਹੋਣ ਨਾਲ ਪਤਾ ਲੱਗ ਜਾਂਦਾ ਹੈ, ਕਿ ਸਾਰਿਆਂ ਵਿੱਚ ਉਸੇ ਦੀ ਹਸਤੀ ਬਿਰਾਜਮਾਨ ਹੈ l

ਗੁਰ ਸਾਖੀ ਜੋਤਿ ਪਰਗਟੁ ਹੋਇ ll ਜੋ ਤਿਸੁ ਭਾਵੈ ਸੁ ਆਰਤੀ ਹੋਇ ll੩ll

ਅਰਥ:-ਗੁਰੂ ਦੀ ਸਿੱਖਿਆ ਦੁਆਰਾ ਆਪਣੇ ਆਪ ਨੂੰ ਸਾਖਸ਼ੀ ਦੇਖਣ ਨਾਲ, ਉਸ ਆਤਮਾ ਦਾ ਅਨੁਭਵ ਹਿਰਦੇ ਅੰਦਰੋਂ ਪ੍ਰਗਟ ਹੋ ਜਾਂਦਾ ਹੈ l ਉਸੇ ਦੀ ਆਰਤੀ ਹੁੰਦੀ ਹੈ, ਜੋ ਇਸ ਤਰ੍ਹਾਂ ਤੈਨੂੰ ਭਾਅ ਜਾਂਦੇ ਹਨ l

ਹਰਿ ਚਰਣ ਕਵਲ ਮਕਰੰਦ ਲੋਭਿਤ ਮਨੋ ਅਨਦਿਨੋੁ ਮੋਹਿ ਆਹੀ ਪਿਆਸਾ ll

ਅਰਥ:-ਹਿਰਦੇ ਅੰਦਰੋਂ ਆਤਮ ਗਿਆਨ ਰੂਪੀ ਪ੍ਰਭੂ ਦੇ ਚਰਨਾਂ ਕਮਲਾਂ ਦੇ ਫੁੱਲਾਂ ਉੱਤੇ, ਮੇਰਾ ਮਨ ਭਉਰੇ ਦੀ ਤਰ੍ਹਾਂ ਲੁਭਾਇਮਾਨ ਹੋ ਰਿਹਾ ਹੈ l ਹਰ ਰੋਜ਼ ਸਦਾ ਮੇਰੇ ਅੰਦਰ ਇਸੇ ਦੀ ਤੜਪ ਲੱਗੀ ਰਹਿੰਦੀ ਹੈ l

ਇਸ ਤਰ੍ਹਾਂ ਦੇ ਅਲੰਕਾਰ ਵਾਲੀਆਂ ਪੰਕਤੀਆਂ, ਗ੍ਰੰਥ ਸਾਹਿਬ ਜੀ ਵਿੱਚ ਸੈਂਕੜੇ ਵਾਰ ਆਈਆਂ ਹਨ l ਲੱਗਭਗ ਸਾਰਿਆਂ ਦੇ ਮਨਾਂ ਵਿੱਚ ਸ਼ੰਕਾ ਪੈਦਾ ਹੋ ਜਾਂਦਾ ਹੈ; ਕਿ ਜੇਕਰ ਨਿਰਾਕਾਰ ਸਰੂਪ ਵਿੱਚ ਉਸ ਦਾ ਅਕਾਰ ਨਹੀਂ ਹੁੰਦਾ, ਫਿਰ ਇਹ ਕਮਲਾਂ ਵਰਗੇ ਚਰਨ ਆਦਿ ਦੇ ਅਲੰਕਾਰ ਕਿਵੇਂ ਵਰਤੇ ਗਏ ? ਦਰਅਸਲ ਭਾਸ਼ਾ ਤੰਗ ਹੋਣ ਕਰਕੇ ਸਮਝਣਾ ਮੁਸ਼ਕਲ ਹੋ ਜਾਂਦਾ ਹੈ l ਉਸ ਦੇ ਨਿਰਾਕਾਰ ਸਰੂਪ ਨੂੰ ਵੀ ਦਰਸਾਉਣਾ ਹੋਵੇ ਤਾਂ ਭਾਸ਼ਾ ਦੇ ਸ਼ਬਦਾਂ ਰਾਹੀਂ ਹੀ, ਉਸ ਨੂੰ ਦੱਸ ਸਕਦੇ ਹਾਂ l ਭਾਸ਼ਾ ਤੋਂ ਬਿਨਾਂ ਦੂਜੇ ਵਿਅਕਤੀ ਨੂੰ ਦੱਸਣ ਵਾਸਤੇ ਹੋਰ ਕੋਈ ਹੱਲ ਨਹੀਂ ਹੈ l ਗ੍ਰੰਥ ਸਾਹਿਬ ਵਿੱਚ ਚਰਨਾਂ ਨੂੰ ਬਹੁਤ ਸਾਰੇ ਅਰਥਾਂ ਦੇ ਰੂਪ ਵਿੱਚ ਵਰਤਿਆ ਗਿਆ ਹੈ l ਉਹਨਾਂ ਵਿੱਚੋਂ ਇੱਕ ਅਰਥ ਮੁਤਾਬਿਕ, ਆਤਮ ਗਿਆਨ(ਅਫੁਰ ਅਵਸਥਾ) ਨੂੰ ਵੀ ਚਰਨ ਹੀ ਕਿਹਾ ਗਿਆ ਹੈ l ਜਿਵੇਂ ਚਰਨ ਸਾਰੇ ਸਰੀਰ ਦਾ ਅਧਾਰ ਹਨ, ਇਸੇ ਤਰ੍ਹਾਂ ਬ੍ਰਹਮ ਗਿਆਨ ਦਾ ਅਧਾਰ ਆਤਮ ਗਿਆਨ ਹੈ l ਉਦਾਹਰਣ ਦੇ ਤੌਰ ਤੇ ਜਿਵੇਂ ਇੱਕ ਬੱਲਬ ਵਿੱਚ ਬਿਜਲੀ 100 ਵਾਟ ਨਾਲ ਜਗਦੀ ਹੈ ਅਤੇ ਵੱਡੇ ਬਿਜਲੀ ਘਰ ਵਿੱਚ ਕਰੋੜਾਂ-ਅਰਬਾਂ ਵਾਟ ਹੁੰਦੇ ਹਨ l ਪਰ ਬਿਜਲੀ ਦੇ ਗੁਣ ਅਤੇ ਸੁਭਾਅ ਦੋਨੋਂ ਜਗ੍ਹਾ ਬਰਾਬਰ ਹੁੰਦੇ ਹਨ l ਇੱਥੇ ਗੁਣਾਤਮਿਕ ਭੇਦ ਬਿਲਕੁਲ ਵੀ ਨਹੀਂ ਹੈ ਅਤੇ ਤੁਲਨਾਤਮਿਕ ਫ਼ਰਕ ਬਹੁਤ ਜ਼ਿਆਦਾ ਹੈ l ਇਸੇ ਤਰ੍ਹਾਂ ਆਤਮ ਗਿਆਨ ਵਿੱਚ ਪ੍ਰਮਾਤਮਾ ਨੂੰ ਅੰਸ਼ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ l ਪਰ ਬ੍ਰਹਮ ਗਿਆਨ ਵਿੱਚ ਉਸ ਦੇ ਵਿਰਾਟ ਸਰੂਪ ਦਾ ਅਨੁਭਵ ਹੋ ਜਾਂਦਾ ਹੈ l

ਦੂਜੇ ਅਰਥਾਂ ਵਿਚੋਂ ‘ਚਰਨਾਂ’ ਦੇ ਨਾਲ ਅਕਸਰ ‘ਕਮਲ’ ਸ਼ਬਦ ਗੁਰਬਾਣੀ ਵਿੱਚ ਆਉਂਦਾ ਹੈ ਕਮਲ ਨੂੰ ਲੱਗਭਗ ਤਿੰਨ ਅਰਥਾਂ ਵਿੱਚ ਵਰਤਿਆ ਗਿਆ ਹੈ l ਇੱਕ ਕੋਮਲਤਾ ਵਜੋਂ, ਦੂਜਾ- ਪਾਣੀ ਦੀ ਪਕੜ ਤੋਂ ਬਿਨਾਂ(ਅਛੋਹ) ਅਤੇ ਤੀਜਾ-ਇਸ ਨੂੰ ਪ੍ਰਮਾਤਮਾ ਦੇ ਗੁਣਾਂ ਦੀ ਸੁਗੰਧੀ ਵਜੋਂ, ਮਨ ਨੂੰ ਭੌਰਾ ਬਣਾ ਕੇ ਦਰਸਾਇਆ ਹੈ l

ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ ਹੋਇ ਜਾ ਤੇ ਤੇਰੈ ਨਾਇ ਵਾਸਾ ll੪ll੩ll

ਅਰਥ:-ਗੁਰੂ ਜੀ ਕਹਿੰਦੇ ਹਨ ਕਿ ਪਪੀਹੇ ਵਾਂਗ ਤੜਫਦੇ ਹੋਏ ਮੇਰੇ ਮਨ ਨੂੰ, ਆਪ ਆਪਣੀ ਕ੍ਰਿਪਾ ਦਾ ਜਲ ਦੇ ਦੇਣਾ l ਜਿਸ ਨਾਲ ਤੇਰੇ ਨਿਰਾਕਾਰ ਸਰੂਪ(ਆਤਮ ਗਿਆਨ) ਵਿੱਚ ਮੇਰਾ ਵਸੇਬਾ(ਰਹਿਣਾ) ਹੋ ਜਾਵੇ l

ਰਾਗੁ ਗਉੜੀ ਪੂਰਬੀ ਮਹਲਾ ੪ ll
ਕਾਮਿ ਕਰੋਧਿ ਨਗਰੁ ਬਹੁ ਭਰਿਆ ਮਿਲਿ ਸਾਧੂ ਖੰਡਲ ਖੰਡਾ ਹੇ ll

ਅਰਥ:-ਇਹ ਸਰੀਰ ਕਾਮਨਾ ਅਤੇ ਕ੍ਰੋਧ ਆਦਿ ਵਿਕਾਰਾਂ ਨਾਲ ਲਬਾ-ਲਬ ਭਰਿਆ ਹੋਇਆ ਹੈ l ਸਾਧੂਆਂ ਨਾਲ ਮਿਲ ਕੇ, ਇਹਨਾਂ ਵਿਕਾਰਾਂ ਨੂੰ ਟੁਕੜੇ-ਟੁਕੜੇ ਕੀਤਾ ਜਾ ਸਕਦਾ ਹੈ l

ਪੂਰਬਿ ਲਿਖਤ ਲਿਖੇ ਗੁਰੁ ਪਾਇਆ ਮਨਿ ਹਰਿ ਲਿਵ ਮੰਡਲ ਮੰਡਾ ਹੇ ll੧ll

ਅਰਥ:- ਉਸ ਹਰੀ ਪ੍ਰਭੂ ਨੂੰ ਧੁਰ ਦਰਗਾਹ ਤੋਂ ਲਿਖੇ ਹੋਏ ਕਰਮਾਂ ਨਾਲ ਹੀ ਪਾਇਆ ਜਾ ਸਕਦਾ ਹੈ l ਮਨ ਉਸ ਨਿਰਾਕਾਰ ਵਿੱਚ ਲੀਨ ਹੋ ਕੇ, ਅਕਾਸ਼ ਵਿੱਚ ਤਾਰਿਆਂ ਦੀ ਤਰ੍ਹਾਂ ਸੋਭਾ ਪਾਉਂਦਾ ਹੈ l

ਕਰਿ ਸਾਧੂ ਅੰਜੁਲੀ ਪੁਨੁ ਵਡਾ ਹੇ ll
ਕਰਿ ਡੰਡਉਤ ਪੁਨੁ ਵਡਾ ਹੇ ll੧ll ਰਹਾਉ ll

ਅਰਥ:-ਆਤਮ ਗਿਆਨੀ ਸਾਧੂਆਂ ਅੱਗੇ ਹੱਥ ਜੋੜ ਕੇ ਬੇਨਤੀ ਕਰਨ ਨਾਲ, ਪੁੰਨਾਂ ਦਾ ਬਹੁਤ ਵੱਡਾ ਫ਼ਲ ਪ੍ਰਾਪਤ ਹੋ ਜਾਂਦਾ ਹੈ l ਪਰ ਜੇਕਰ ਉਹਨਾਂ ਨੂੰ ਪੂਰਨ ਰੂਪ ਵਿੱਚ ਸਮਰਪਤ ਹੋਇਆ ਜਾਵੇ ਤਾਂ ਫਿਰ ਉਹ ਗੁਰਮੁਖ ਆਤਮਿਕ ਤੌਰ ਤੇ, ਉਹਨਾਂ ਸਾਧੂਆਂ ਜਿੰਨਾਂ ਵੱਡਾ ਹੋ ਜਾਂਦਾ ਹੈ l

*ਨੋਟ:- ਅਰਥਾਂ ਨੂੰ ਵਜਨੀ ਬਣਾਉਣ ਵਾਸਤੇ ਵਿਅੰਗ ਦਾ ਪ੍ਰਯੋਗ ਕੀਤਾ ਹੈ l

  • Website:

    EternalPathbooks.com
  • Publishing Year:

    2024
  • Language:

    Punjabi
  • Publisher:

    Eternal Path Publications Society (Regd.)

Available Vyakhyas

Upcoming Vyakhyas