Sunn Galaa Aakaas kee

Sri Japji Sahib Ji Vyakhya in Punjabi - Sunn Galaa Aakaas Kee

Sunn Galaa Aakaas Kee
ਇਕ ਦੂ ਜੀਭੌ ਲਖ ਹੋਹਿ
ਲਖ ਹੋਵਹਿ ਲਖ ਵੀਸ ॥
ਲਖੁ ਲਖੁ ਗੇੜਾ ਆਖੀਅਹਿ
ਏਕੁ ਨਾਮੁ ਜਗਦੀਸ ॥
ਏਤੁ ਰਾਹਿ ਪਤਿ ਪਵੜੀਆ
ਚੜੀਐ ਹੋਇ ਇਕੀਸ ॥
ਸੁਣਿ ਗਲਾ ਆਕਾਸ ਕੀ
ਕੀਟਾ ਆਈ ਰੀਸ ॥
ਨਾਨਕ ਨਦਰੀ ਪਾਈਐ
ਕੂੜੀ ਕੂੜੈ ਠੀਸ ॥੩੨॥

ਇਸ ਧਰਤੀ ਉੱਪਰ ਪ੍ਰਮਾਤਮਾ ਦੇ ਰਸਤੇ ਤੇ ਚਲਣ ਵਾਲੇ ਦੋ ਤਰ੍ਹਾਂ ਦੇ ਲੋਕ ਹਨ। ਇਕ ਉਹ ਹਨ, ਜਿਨਾਂ ਦੀ ਯਾਤਰਾ ਵਿਚ ਛੋਟੇ-ਛੋਟੇ ਪੜਾਅ ਨਹੀਂ ਆਉਂਦੇ ਅਤੇ ਜੋ ਇਕ ਲੰਬੀ ਛਲਾਂਗ ਵਿਚ ਹੀ ਮੰਜ਼ਿਲ ਤੇ ਪਹੁੰਚ ਗਏ। ਜਪੁਜੀ ਦੀਆਂ ਪਿਛਲੀਆਂ ਪੌੜੀਆਂ ਵਿਚ ਜੋ ਸੂਤਰ, ਢੰਗ-ਤਰੀਕੇ ਗੁਰੂ ਜੀ ਨੇ ਵਰਨਣ ਕੀਤੇ, ਉਹ ਇਸ ਤਰ੍ਹਾਂ ਦੇ ਗੁਰਮੁਖਾਂ ਵਾਸਤੇ ਸਨ। ਦੂਜੀ ਕਿਸਮ ਦੇ ਉਹ ਜਗਿਆਸੂ, ਜੋ ਲੰਬੀ ਛਲਾਂਗ ਨਹੀਂ ਮਾਰ ਸਕਦੇ ਜਾਂ ਲੰਬੀ ਛਲਾਂਗ ਮਾਰਨ ਦਾ ਹੌਸਲਾ ਨਹੀਂ ਕਰਦੇ, ਉਹਨਾਂ ਵਾਸਤੇ ਪੌੜੀ ਦੇ ਪੌਡੇ (Steps) ਤੇ ਚੜ੍ਹਨ ਵਾਂਗ, ਗੁਰੂ-ਪੀਰਾਂ, ਰਿਸ਼ੀਆਂ-ਮੁਨੀਆਂ ਨੇ ਅਲੱਗ-ਅਲੱਗ ਵਿਧੀਆਂ ਵਿਕਸਤ ਕੀਤੀਆਂ। ਜਿਨਾਂ ਨੂੰ ਅਪਨਾਅ ਕੇ ਐਸੇ ਜਗਿਆਸੂ ਵੀ ਪ੍ਰਮਾਤਮਾ ਵਿਚ ਲੀਨ ਹੋ ਗਏ। ਉਹਨਾਂ ਵਿਚੋਂ ਇਹ ਇਕ ਵਿਧੀ, ਜਪੁਜੀ ਵਿਚ ਗੁਰੂ ਸਾਹਿਬਾਂ ਨੇ ਇੱਥੇ ਦਰਜ਼ ਕੀਤੀ ਹੈ। ਇਸ ਵਿਚ ਉਹਨਾਂ ਨੇ ਬਹੁਤ ਥੋੜ੍ਹੀਆਂ ਪੰਕਤੀਆਂ ਦੁਆਰਾ ; ਸ਼ਬਦ ਤੋਂ ਨਿਸ਼ਬਦ ਤੱਕ ਜਾਣ ਦੇ ਢੰਗ ਨੂੰ, ਬਹੁਤ ਸੰਖੇਪ ਵਿਚ ਬਾ-ਖੂਬੀ ਪੇਸ਼ ਕੀਤਾ ਹੈ।

ਸਾਰੇ ਧਰਮਾਂ ਅਤੇ ਸਭ ਸੰਪ੍ਰਦਾਵਾਂ ਵਿਚ ਇਹ ਸੂਤਰ ਬਹੁਤ ਹੀ ਮਹੱਤਵਪੂਰਨ ਹੈ। ਕਿਸੇ ਵੀ ਧਰਮ ਜਾਂ ਸੰਪਰਦਾ ਵਿਚ ਜਿਸ ਵੇਲੇ ਜਾ ਕੇ ਦੇਖਿਆ ਜਾਂਦਾ ਹੈ ਤਾਂ ਹਰ ਜਗ੍ਹਾ ਅਕਸਰ ਸਭ ਲੋਕ, ਇਸੇ ਸੂਤਰ ਨੂੰ ਆਪਣਾਉਂਦੇ ਹੋਏ ਦਿਖਾਈ ਦਿੰਦੇ ਹਨ। ਇਹ ਵਿਧੀ ਬਹੁਤ ਅਸਾਨ ਹੈ ਕਿਉਂਕਿ ਇਸ ਵਿਚ ਬੁੱਧੀ ਦਾ ਜ਼ਿਆਦਾ ਪ੍ਰਯੋਗ ਨਹੀਂ ਕਰਨਾ ਪੈਂਦਾ। ਇਹੀ ਕਾਰਨ ਹੈ ਕਿ ਸਭ ਵਰਗਾਂ ਦੇ ਜਿਆਦਾਤਰ ਲੋਕ ਆਪਣੀ ਜ਼ਿੰਦਗੀ ਵਿਚ, ਇਸ ਵਿਧੀ ਨੂੰ ਅਪਨਾਅ ਕੇ ਪ੍ਰਮੇਸ਼ਰ ਵਿਚ ਲੀਨ ਹੋਏ ਹਨ।

ਮੰਤਰ-ਜਾਪ ਦੇ ਇਸ ਸੂਤਰ ਅਨੁਸਾਰ, ਮਨ ਅਤੇ ਬੁੱਧੀ ਦੁਆਰਾ ਚਾਰ ਪੜਾਵਾਂ ਵਿਚੋਂ ਗੁਜ਼ਰਨਾ ਪੈਂਦਾ ਹੈ। ਇਹਨਾਂ ਪੜਾਵਾਂ ਨੂੰ ਪੌੜੀ ਦੇ ਪੌਡਿਆਂ (ਡੰਡਿਆਂ) ਵਾਂਗ ਕ੍ਰਮਵਾਰ ਚੜਿਆ ਜਾਂਦਾ ਹੈ। ਧਾਰਮਿਕ ਗ੍ਰੰਥਾਂ ਵਿਚ ਇਹਨਾਂ ਚਾਰ ਪੜਾਵਾਂ ਨੂੰ ਚਾਰ ਬਾਣੀਆਂ ਦੇ ਰੂਪ ਵਿਚ ਦਰਸਾਇਆ ਗਿਆ ਹੈ, ਜਿਵੇਂ-

“ਚਾਰੇ ਖਾਣੀ ਚਾਰੇ ਬਾਣੀ"

ਪਹਿਲੇ ਪੜਾਅ ਨੂੰ 'ਬੈਖਰੀ' ਬਾਣੀ ਕਿਹਾ ਗਿਆ ਹੈ। ਬੈਖਰੀ ਤੋਂ ਭਾਵ 'ਬ-ਅੱਖਰੀ' ਅੱਖਰਾ ਵਿਚ ਜ਼ੁਬਾਨ ਨਾਲ ਉਚਾਰਨ ਕਰਨ ਵਾਲੇ ਮੰਤਰ ਜਾਂ ਸ਼ਬਦ ਤੋਂ ਹੈ। ਆਰੰਭ ਵਿਚ ਕਿਸੇ ਵੀ ਮੰਤਰ ਦਾ ਜ਼ੁਬਾਨ ਨਾਲ ਵਾਰ-ਵਾਰ ਉਚਾਰਨ ਕੀਤਾ ਜਾਂਦਾ ਹੈ ਅਤੇ ਇਕਾਗਰ ਚਿੱਤ ਕਰਕੇ, ਕੰਨਾਂ ਦੁਆਰਾ ਉਸ ਨੂੰ ਸੁਣਿਆ ਜਾਂਦਾ ਹੈ। ਮੰਤਰ ਦਾ ਜ਼ੁਬਾਨ ਰਾਹੀਂ ਉਚਾਰਨ ਕਰਨ ਤੋਂ ਕੁੱਝ ਸਮੇਂ ਬਾਅਦ, ਧਿਆਨ ਮਨ-ਬੁੱਧੀ ਦੇ ਦੂਜੇ ਪੜਾਅ ਵਿਚ ਪਹੁੰਚ ਜਾਂਦਾ ਹੈ। ਇੱਥੇ ਪਹੁੰਚ ਕੇ ਹਲਕਾ ਜਿਹਾ ਇਸ਼ਾਰਾ ਕਰਨ ਮਾਤਰ ਨਾਲ ਹੀ ਸ਼ਬਦ ਦਾ ਜਾਪ ਗਲੇ ਵਿਚ ਹੋਣ ਲੱਗ ਜਾਂਦਾ ਹੈ । ਜਿਸ ਨੂੰ 'ਮੱਧਮਾਂ' ਕਿਹਾ ਗਿਆ ਹੈ । ਇਸ ਅਵਸਥਾ ਵਿਚ ਪਹੁੰਚ ਕੇ ਮੰਤਰ ਦਾ ਜਾਪ ਅੱਖਰਾਂ ਵਿਚ ਤਾਂ ਜ਼ਰੂਰ ਹੁੰਦਾ ਹੈ, ਪਰ ਜ਼ੁਬਾਨ ਦਾ ਕੋਈ ਯੋਗਦਾਨ ਨਹੀਂ ਰਹਿ ਜਾਂਦਾ । ਬਾਰ-ਬਾਰ ਇਸ ਦਾ ਅਭਿਆਸ ਕਰਨ ਨਾਲ ਉਹੀ ਜਾਪ ਹਿਰਦੇ ਵਿਚ ਉਤਰ ਜਾਂਦਾ ਹੈ। ਜਿਸ ਨੂੰ 'ਪਸਯੰਤੀ' (ਵਸਤੀ) ਕਿਹਾ ਜਾਂਦਾ ਹੈ। ਹਿਰਦੇ ਵਿਚ ਜਾਪ ਸੁਆਸ ਦੀ ਗਤੀ ਨਾਲ ਮਿਲ ਕੇ ਆਪਣੇ-ਆਪ ਚੱਲਣ ਲਗ ਜਾਂਦਾ ਹੈ। ਜਿਆਦਾਤਰ ਅਭਿਆਸੀ ਸੱਜਣ ਗਲਤੀ ਨਾਲ, ਇਸੇ ਨੂੰ ਅਜਪਾ ਜਾਪ ਸਮਝ ਲੈਂਦੇ ਹਨ। ਦਰਅਸਲ ਅੱਖਰਾਂ ਦਾ ਜਾਪ ਚਾਹੇ ਬੁੱਧੀ ਦੇ ਕਿਸੇ ਵੀ ਤਲ ਤੇ ਹੋਵੇ, ਉਸ ਨੂੰ 'ਅਜਪਾ-ਜਾਪ' ਨਹੀਂ ਕਿਹਾ ਜਾ ਸਕਦਾ। ਗੁਰਬਾਣੀ ਵਿਚ ਇਸ ਦਾ ਜ਼ਿਕਰ ਸੈਂਕੜੇ ਵਾਰ ਆਇਆ ਹੈ। ਜਿਵੇਂ -

"ਅਜਪਾ ਜਾਪ ਨ ਵੀਸਰੈ, ਆਦਿ ਜੁਗਾਦਿ ਸਮਾਇ'

ਅਰਥ- ਜਿਸ ਜਾਪ ਨੂੰ ਮਨ-ਬੁੱਧੀ ਦੁਆਰਾ ਜਪਿਆ ਨਹੀਂ ਜਾ ਸਕਦਾ, ਸੋ ਸ੍ਰਿਸ਼ਟੀ ਦੇ ਅਰੰਭ ਤੋਂ ਵੀ ਪਹਿਲਾਂ ਸੀ ਅਤੇ ਜੁਗਾਂ-ਜੁਗਾਂਤਰਾਂ ਤੋਂ ਸਭ ਜਗ੍ਹਾ ਸਮਾਇਆ ਹੋਇਆ ਹੈ। ਸੋ ਐਸੇ ਸੁਨ ਨਿਰਾਕਾਰ ਪ੍ਰਮਾਤਮਾ ਨੂੰ, ਇਸ ਅਵਸਥਾ ਵਿਚ ਵਿਸਾਰਿਆ ਨਹੀਂ ਜਾ ਸਕਦਾ।

ਇਸ ਅਵਸਥਾ ਤੇ ਪਹੁੰਚ ਕੇ, ਬੁੱਧੀ ਦੇ ਵਿਚਾਰਾਂ ਨੂੰ ਪੈਦਾ ਕਰਨ ਵਾਲੇ ਪੌੜੀ ਦੇ ਸਾਰੇ ਪੋਡੇ (Step) ਖ਼ਤਮ ਹੋ ਜਾਂਦੇ ਹਨ। ਇਸ ਤੋਂ ਅੱਗੇ ਜਾ ਕੇ 'ਪਰਾ ਬਾਣੀ' ਪ੍ਰਗਟ ਹੁੰਦੀ ਹੈ। ਉਸ ਨੂੰ ਬਾਣੀ ਕਹਿਣਾ ਵੀ ਠੀਕ ਨਹੀਂ ਕਿਉਂਕਿ ਜਿੱਥੋਂ ਤੱਕ ਬੁੱਧੀ ਅਤੇ ਇੰਦ੍ਰੀਆਂ ਦੀ ਪਕੜ ਹੋਵੇ, ਉਸ ਅਵਸਥਾ ਤੱਕ ਹੀ ਬਾਣੀ ਕਿਹਾ ਜਾ ਸਕਦਾ ਹੈ। ਪਰ ਕਿਉਂਕਿ ਉਸ ਨੂੰ ਦਰਸਾਉਣ ਵਾਸਤੇ ਕਿਸੇ ਵੀ ਭਾਸ਼ਾ ਦੇ ਪਾਸ ਕੋਈ ਸ਼ਬਦ ਨਹੀਂ ਹੈ, ਇਸ ਲਈ ਉਸ ਨੂੰ 'ਪਰਾ ਬਾਣੀ' ਹੀ ਕਿਹਾ ਗਿਆ ਹੈ। ਅਸਲ ਵਿਚ ਜਿਨ੍ਹੀਆਂ ਵੀ ਅਵਸਥਾਂ ਹਨ, ਇਹ ਸਾਰੀਆਂ ਮਨ ਦੀਆਂ ਹਨ। ਮਨ ਅਤੇ ਬੁੱਧੀ ਦੀ ਪਕੜ ਨਾਲ ਜਿਸ ਵੇਲੇ ਤੱਕ ਕਰਤਾ ਭਾਵ ਬਣਿਆ ਰਹਿੰਦਾ ਹੈ। ਤਦ ਤੱਕ ਉਸ ਨੂੰ ਅਵਸਥਾ ਕਿਹਾ ਜਾ ਸਕਦਾ ਹੈ। ਜਿਸ ਵੇਲੇ ਇਹੀ ਸੋਚ, ਮਨ-ਬੁੱਧੀ ਦੇ ਵਿਚਾਰਾਂ ਦੇ ਘੇਰੇ ਤੋਂ ਬਾਹਰ ਹੋ ਜਾਂਦੀ ਹੈ, ਜਿੱਥੇ ਸਿਰਫ਼ ਤੇ ਸਿਰਫ਼ ਇਕੱਲੀ ਸੋਚ ਅਤੇ ਸਮਝ ਹੀ ਰਹਿ ਜਾਂਦੀ ਹੈ। ਜਾਂ ਜਿੱਥੇ ਸਿਰਫ਼ ਹੋ ਹੋਣਾ) ਮਾਤਰ ਹੀ ਰਹਿ ਜਾਂਦਾ ਹੈ ਉਸ ਨੂੰ 'ਅਜਪਾ-ਜਾਪ' ਕਿਹਾ ਜਾਂਦਾ ਹੈ । ਇਸੇ ਨੂੰ 'ਪਰਾ ਬਾਣੀ' ਭਾਵ-ਮਨ ਅਤੇ ਬੁੱਧੀ ਤੋਂ ਪਰੇ ਕਿਹਾ ਹੈ।

ਅਜਪਾ ਜਾਪ ਦਾ ਭਾਵ ਹੈ, ਜੋ ਅਵਸਥਾ ਜਾਪ ਜਪਣ ਵਿਚ ਨਹੀਂ ਆਉਂਦੀ ਅਤੇ ਜਿੱਥੇ ਜਾ ਕੇ ਕਿਸੇ ਵੀ ਦੂਜੇਪਨ, (ਭਾਵ - ਸਰੀਰ ਅਤੇ ਪ੍ਰਮਾਤਮਾ ਦੇ ਅਲੱਗ-ਅਲੱਗ) ਹੋਣ ਦਾ ਅਹਿਸਾਸ ਨਾ ਹੋਵੇ । ਜਿਵੇਂ ਧਿਆਨ ਅੰਦਰ ਵੜ ਕੇ ਧਿਆਨ ਵਿਚ ਲੀਨ ਹੋ ਕਰਕੇ, ਉਸ ਧਿਆਨ ਦਾ ਹੀ ਰੂਪ ਹੋ ਜਾਣ ਨੂੰ ਅਜਪਾ ਜਾਪ ਕਿਹਾ ਜਾਂਦਾ ਹੈ ।

ਜਿਵੇਂ ਪਿਆਜ਼ ਦੇ ਛਿਲਕੇ ਨੂੰ ਉਤਾਰਦੇ ਹੋਏ ਅਖ਼ੀਰ ਨੂੰ ਪਿਆਜ਼ ਦਾ ਕੋਈ ਵਜੂਦ ਨਹੀਂ ਰਹਿ ਜਾਂਦਾ। ਇਸੇ ਤਰ੍ਹਾਂ ਮੰਤਰ ਜਾਪ ਕਰਦੇ ਹੋਏ ਆਖ਼ਰੀ ਪੜਾਅ ਤੇ ਪੁਜਣ ਤੱਕ, ਬੁੱਧੀ ਦੀਆਂ ਵਿਚਾਰ ਰੂਪੀ ਪਰਤਾਂ ਖ਼ਤਮ ਹੋਣ ਤੋਂ ਬਾਅਦ ਸੂਖ਼ਮ ਬੁੱਧੀ ਵਿਚ ਪ੍ਰਵੇਸ਼ ਕਰ ਜਾਂਦੇ ਹਾਂ । ਜਿੱਥੇ ਪਹੁੰਚ ਕੇ ਅਸੀਂ ਆਪਣੇ-ਆਪ ਨੂੰ ਵਿਚਾਰਾਂ ਤੋਂ ਅਲੱਗ ਅਨੁਭਵ ਕਰਦੇ ਹਾਂ । ਭਾਵ- ਉਸੇ ਲਿਵ (ਧੁਨ) ਵਿਚ ਇਕ ਹੋ ਜਾਂਦੇ ਹਾਂ, ਜਿਸ ਨੂੰ ਜਪੁਜੀ ਸਾਹਿਬ ਦੇ ਸ਼ੁਰੂ ਵਿਚ "ਜਪੁ" ਕਿਹਾ ਹੈ। ਸਾਰੇ ਜਪੁਜੀ ਸਾਹਿਬ ਵਿਚ ਇਸੇ ਸਿਧਾਂਤ ਨੂੰ ਵਾਰ-ਵਾਰ ਕਈ ਢੰਗਾਂ ਨਾਲ ਦੁਹਰਾਇਆ ਗਿਆ ਹੈ। ਇੱਥੇ ਕਹਿਣ ਤੋਂ ਭਾਵ ਇਹ ਨਹੀਂ ਹੈ ਕਿ ਬੁੱਧੀ ਖ਼ਤਮ ਹੋ ਜਾਂਦੀ ਹੈ। ਜਿਸ ਵੇਲੇ ਆਪ ਬੁੱਧੀ ਦੇ ਵਿਚਾਰਾਂ ਦੀਆਂ ਸਾਰੀਆਂ ਪਰਤਾਂ ਪਾਰ ਕਰ ਲੈਂਦੇ ਹੋ, ਤਾਂ ਅਖ਼ੀਰ ਵਿਚ ਜੋ ਬੁੱਧੀ ਦਾ ਸਭ ਤੋਂ ਬਰੀਕ ਹਿੱਸਾ ਰਹਿ ਜਾਂਦਾ ਹੈ, ਉਹੀ ਸੁੰਨ- ਨਿਰਾਕਾਰ ਪ੍ਰਮਾਤਮਾ ਨੂੰ ਅਨੁਭਵ ਕਰਨ ਵਿਚ ਸਮਰੱਥ ਹੈ। ਉਸ ਨੂੰ ਹੀ ਬਾਣੀ ਵਿਚ ਬਹੁਤ ਤਰੀਕਿਆਂ ਨਾਲ ਦਰਸਾਇਆ ਹੈ।

ਖੰਨਿਅਹੁ ਤਿਖੀ ਵਾਲਹੁ ਨਿਕੀ ਏਤੁ ਮਾਰਗਿ ਜਾਣਾ ॥

ਖੰਡੇ ਦੀ ਧਾਰ ਨਾਲੋਂ ਤਿੱਖੀ ਅਤੇ ਵਾਲ ਨਾਲੋਂ ਬਰੀਕ ਬੁੱਧੀ ਦੀ ਸੋਚ, ਜਿਸ ਵੇਲੇ ਇੰਨੀ ਜ਼ਿਆਦਾ ਬਰੀਕ (ਮਹੀਨ) ਹੋ ਜਾਵੇ ਤਾਂ ਇਸ ਰਸਤੇ ਨੂੰ ਜਾਣਿਆ ਜਾ ਸਕਦਾ ਹੈ ।

ਪਉੜੀ ਦੀ ਪਹਿਲੀ ਪੰਗਤੀ ਵਿਚ ਭੂਮਿਕਾ ਵਰਨਣ ਕੀਤੀ ਹੈ । ਉਸ ਤੋਂ ਅਗੇ ਜ਼ੁਬਾਨ ਜ਼ੁਬਾਨ ਰਾਹੀਂ ਜਾਪ ਕਰਨ ਦੀ ਵਿਧੀ ਵਰਨਣ ਕੀਤੀ ਹੈ।

ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਵੀਸ ॥
'ਦੂ ਜੀਭੋ'-ਉਚਾਰਨ ਵਿਚ ਤਤਪਰਤਾ (ਤਵਰਾ) ਦੁਗਣੀ ਹੋਵੇ,

'ਲਖ ਹੋਹਿ'-ਲੱਖਾਂ ਵਾਰ ਉਚਾਰਨ ਕਰਨਾ, 'ਲਖ ਵੀਸ'- (ਲਖ+ਵੀ+ਈਸ)
ਜੋ ਪ੍ਰਮਾਤਮਾ ਸਾਰੇ ਸੰਸਾਰ ਵਿਚ ਵੀ ਜਾਣਿਆ ਜਾਂਦਾ ਹੈ,
ਲਖ ਹੋਵਹਿ-ਜਾਣਿਆ ਜਾ ਸਕਦਾ ਹੈ ।

ਅਰਥ- ਜਿਸ ਵੇਲੇ ਜ਼ੁਬਾਨ ਨਾਲ ਮੰਤਰ ਦਾ ਉਚਾਰਣ ਕੀਤਾ ਜਾਂਦਾ ਹੈ ਤਾਂ ਮੰਤਰ ਉਚਾਰਣ ਵਿਚ ਤਤਪਰਤਾ (ਤਵਰਾ) ਦੁੱਗਣੀ ਹੋ ਜਾਵੇ, (ਭਾਵ- ਮਨ ਅੰਦਰੋਂ ਇੰਨੀ ਪੂਰਨਤਾ ਨਾਲ ਜਾਪ ਕਰੇ ਕਿ ਉਸ ਨੂੰ ਰੋਮ-ਰੋਮ ਵਿਚੋਂ ਉੱਚਾਰਿਆ ਜਾਵੇ ।) ਜ਼ੁਬਾਨ ਨਾਲ ਮੰਤਰ ਦਾ ਲੱਖਾਂ ਵਾਰ ਜਾਪ ਕਰਨ ਤੇ, ਜੋ ਪ੍ਰਮਾਤਮਾ ਸਾਰੀ ਸ੍ਰਿਸ਼ਟੀ ਵਿਚ ਵੀ ਜਾਣਿਆ ਜਾਂਦਾ ਹੈ, ਉਸ ਨੂੰ ਜਾਣ ਸਕਦੇ ਹੋ।

ਇਸ ਦੇ ਅਰਥਾਂ ਨੂੰ ਸਮਝਣਾ ਲਗਭਗ ਸਭ ਲਈ ਬਹੁਤ ਹੀ ਕਠਿਨ ਹੋਇਆ। ਇਸ ਉਪਰੋਕਤ ਪਗੰਤੀ ਵਿਚ ਸਿਮਰਨ ਕਰਨ ਦੀ ਭੂਮਿਕਾ ਨੂੰ ਸੰਖੇਪ ਨਾਲ ਵਰਨਣ ਕੀਤਾ ਹੈ।

*ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ ॥
ਏਤੁ ਰਾਹਿ ਪਤਿ ਪਵੜੀਆ ਚੜੀਐ ਹੋਇ ਇਕੀਸ ॥
‘ਜਗਦੀਸ’ - ਜਗਤ ਦਾ ਈਸ਼ਵਰ, ‘ਏਤੁ ਰਾਹਿ' - ਇਸ ਤਰੀਕੇ ਨਾਲ,
‘ਪਤਿ ਪਵੜੀਆ’-ਤਰੱਕੀ ਦੀਆਂ ਪੌੜੀਆਂ (ਪਉੜੀ ਦਰ ਪਉੜੀ ਚੜਨਾ)

ਹੋਇ ਇਕੀਸ - (ਇਕ+ਈਸ) - ਇਕ ਹੋ ਸਕਦੇ ਹੋ

ਅਰਥ - ਜੋ ਜਗਤ ਦਾ ਈਸ਼ਵਰ ਹੈ, ਉਸ ਦੇ ਲੱਖਾਂ ਹੀ ਨਾਮ ਹਨ। ਜੇਕਰ ਉਨ੍ਹਾਂ ਨਾਵਾਂ ਵਿਚੋਂ ਇਕ ਨਾਮ ਨੂੰ ਲੱਖਾਂ ਵਾਰੀ ; ਪੂਰੀ ਜੀਵਨ ਸ਼ਕਤੀ ਨੂੰ ਲਗਾ ਕੇ ਉਚਾਰਿਆ ਜਾਵੇ, ਇਸ ਢੰਗ ਲਾਲ ਪਉੜੀ ਦਰ ਪਉੜੀ ਚੜ੍ਹ ਕੇ ਉਸ ਪ੍ਰਭੂ ਨਾਲ ਇਕ ਹੋ ਸਕਦੇ ਹੋ।

ਇਹਨਾਂ ਦੋ ਪੰਕਤੀਆਂ ਵਿਚ ਸਾਰੀ ਵਿਧੀ ਮੁਕੰਮਲ ਹੋ ਜਾਂਦੀ ਹੈ। ਜਾਪ ਕਰਦੇ ਹੋਏ ਹੌਲ਼ੀ – ਹੌਲ਼ੀ ਜਾਪ ਦੇ ਉਚਾਰਨ ਵਿਚ ਕੋਮਲਤਾ ਆਉਣੀ ਸ਼ੁਰੂ ਹੋ ਜਾਂਦੀ ਹੈ।ਫਿਰ ਇਸੇ ਜਾਪ ਦੀ ਬੈਖਰੀ ਬਾਣੀ ਤੋਂ ਮੱਧਮ ਬਾਣੀ ਪਰਗਟ ਹੋ ਜਾਂਦੀ ਹੈ। ਬਾਅਦ ਵਿਚ ਵਸੰਤੀ ਨਾਲ ਹਿਰਦੇ ਵਿਚ ਜਾਪ ਹੋਣ ਲੱਗ ਜਾਂਦਾ। ਉਸ ਤੋਂ ਬਾਅਦ ਮਨ ਅਖਰਾਂ ਵਾਲੇ ਜਾਪ ਵਿਚੋ ਨਿਕਲ ਕੇ ਸੁੰਨ ਵਿਚ ਸਥਿੱਤ ਹੋ ਜਾਂਦਾ ਹੈ । ਜਿਸ ਨੂੰ ਪਰਾ ਬਾਣੀ ਕਿਹਾ ਗਿਆ।ਇਹਨਾਂ ਸਾਰੀਆਂ ਅਵਸਥਾਵਾਂ ਨੂੰ ਇਥੇ ‘ਪਤਿ ਪਵੜੀਆ’ ਕਿਹਾ ਗਿਆ ਹੈ। ਭਾਵ - ਜਾਪ ਕਰਦੇ ਹੋਏ ਕ੍ਰਮਵਾਰ ਅੱਗੇ ਨੂੰ ਵਧਣਾ। ਇਹਨਾਂ ਸਾਰੀਆਂ ਅਵਸਥਾਵਾਂ ਦਾ ਵਿਸਥਾਰ ਪਿੱਛੇ ਕਰ ਆਏ 

*ਨੋਟ- ਇਸ ਵਿਧੀ ਨੂੰ ਜਿਸ ਵੇਲੇ ਹਰ ਰੋਜ਼ ਦੀ ਜ਼ਿੰਦਗੀ ਵਿਚ ਲੰਬੇ ਸਮੇਂ ਲਈ ਅਪਣਾਇਆ ਜਾਂਦਾ ਹੈ ਤਾਂ ਸਿਰ ਉੱਪਰ ਕਾਫ਼ੀ ਭਾਰ ਪੈਣਾ ਸ਼ੁਰੂ ਹੋ ਜਾਂਦਾ ਹੈ। ਜਿਸ ਤੇ ਸਿਰ ਬਕਾਵਟ ਮਹਿਸੂਸ ਕਰਦਾ ਹੈ। ਇਸ ਕਰਕੇ ਜ਼ਬਰਦਸਤੀ ਨਹੀਂ ਕਰਨੀ ਚਾਹੀਦੀ। ਦਿਮਾਗ਼ ਨੂੰ ਅਰਾਮ ਦੇ ਕੇ ਅਤੇ ਸਿਰ ਵਿਚ ਤੇਲ ਆਦਿ ਲਗਾ ਕੇ, ਅਰਾਮ ਕਰਨ ਤੋਂ ਬਾਅਦ ਹੀ ਇਸ ਵਿਧੀ ਨੂੰ ਕਰਨਾ ਚਾਹੀਦਾ ਹੈ। ਅਭਿਆਸੀ ਸੱਜਣ ਇਸ ਵਿਧੀ ਨੂੰ ਜਬਰਦਸਤੀ ਨਾਲ ਨਾ ਕਰਨ।

ਸੁਣਿ ਗਲਾ ਆਕਾਸ ਕੀ ਕੀਟਾ ਆਈ ਰੀਸ ॥

ਅਰਥ - ਇਸ ਤਰ੍ਹਾਂ ਇਹਨਾਂ ਆਕਾਸ਼ ਦੀਆਂ ਗੱਲਾਂ (ਬਚਨ) ਨੂੰ ਸੁਣ-ਸੁਣ ਕੇ, ਧਰਮ ਦੇ, ਰਸਤੇ ਤੇ ਕੀੜੀ ਦੀ ਤਰ੍ਹਾਂ ਧੀਮੀ (ਹੌਲੀ) ਚਲਣ ਵਾਲੇ ਜੋ ਲੋਕ ਸਨ, ਉਨ੍ਹਾਂ ਦੇ ਮਨਾਂ ਅੰਦਰ ਵੀ ਪ੍ਰਮਾਤਮਾ ਨੂੰ ਮਿਲਣ ਦਾ ਉਤਸ਼ਾਹ ਪੈਦਾ ਹੋਇਆ। ਭਾਵ - ਉਹ ਲੋਕ ਜੋ ਇਸ ਰਸਤੇ ਨੂੰ ਮਨ ਤੋਂ ਬਹੁਤ ਹਲਕੇ ਭਾਵ ਵਿਚ ਲੈਂਦੇ ਸਨ, ਜਿਸ ਵੇਲੇ ਉਨ੍ਹਾਂ ਨੇ ਪ੍ਰਮੇਸ਼ਰ ਵਿਚ ਲੀਨ ਹੋਏ ਲੋਕਾਂ ਨੂੰ ਦੇਖਿਆ ਜਾਂ ਸੁਣਿਆਂ ਤਾਂ ਉਨ੍ਹਾਂ ਦੇ ਮਨਾਂ ਵਿਚ ਵੀ ਇਸੇ ਤਰ੍ਹਾਂ ਦੇ ਹੋਣ ਦੀ ਰੀਝ ਪੈਦਾ ਹੋਈ।

ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ॥੩੨॥

ਅਰਥ - ਗੁਰੂ ਜੀ ਕਹਿੰਦੇ ਹਨ ਕਿ ਪ੍ਰਭੂ ਦੀ ਮਿਹਰ ਨਾਲ ਹੀ ਉਸ ਪ੍ਰਭੂ ਨੂੰ ਪਾਇਆ ਜਾ ਸਕਦਾ ਹੈ । ਅਕਸਰ ਝੂਠੇ ਲੋਕ ਤਾਂ ਆਪਣੀਆਂ ਝੂਠੀਆਂ ਡੀਗਾਂ ਮਾਰਦੇ ਰਹਿੰਦੇ ਹਨ। ਇੱਥੇ ਗੁਰੂ ਜੀ ਦੇ ਕਹਿਣ ਦਾ ਭਾਵ ਉਨ੍ਹਾਂ ਲੋਕਾਂ ਤੋਂ ਹੈ, ਜੋ ਅਮਲੀ ਜੀਵਨ ਤੋਂ ਬਿਨਾਂ ਕੇਵਲ ਪੜ੍ਹ ਸੁਣ ਕੇ, ਬੁੱਧੀ ਦੇ ਜ਼ੋਰ ਨਾਲ ਆਪਣੇ ਆਪ ਨੂੰ ਗਿਆਨਵਾਨ ਸਮਝ ਕੇ ਕਥਨ ਕਰਦੇ ਹਨ।

ਇਸ ਪਉੜੀ ਵਿਚ ਗੁਰੂ ਜੀ ਨੇ ਫੁਰਮਾਇਆ ਹੈ ਕਿ ਅਗਰ ਜ਼ਿੰਦਗੀ ਵਿਚ ਤੀਵਰਤਾ (ਤਵੱਰਾ) ਹੈ, ਤਾਂ ਮੰਜ਼ਿਲ ਉਸ ਜਗਿਆਸੂ ਨੂੰ ਬਿਲਕੁਲ ਨਜ਼ਦੀਕ ਮਹਿਸੂਸ ਹੁੰਦੀ ਹੈ।

Sri Japji Sahib Ji Steek in Punjabi - Sunn Galaa Aakaas Kee

"ਸੁਣਿ ਗਲਾ ਆਕਾਸ ਕੀ (Sunn Galaa Aakaas Kee)- ਜਪੁਜੀ ਸਾਹਿਬ ਵਿਆਖਿਆ " ਇੱਕ ਮਦਦਗਾਰ ਵਿਆਖਿਆ ਹੈ, ਜੋ ਜਪੁਜੀ ਸਾਹਿਬ ਵਿੱਚ ਦਿੱਤੇ ਗਏ ਪਵਿਤਰ ਗੁਰਬਾਣੀ ਨੂੰ ਆਸਾਨ ਸ਼ਬਦਾਂ ਵਿਚ ਸਮਝਾਉਂਦੀ ਹੈ। ਇਸਦੇ ਵਿਚ ਸਵਾਮੀ ਜੀ ਨੇ ਸਾਰੇ ਪਾਠ ਦੀਆਂ ਪੌੜੀਆਂ ਦੇ ਅਰਥ ਵਿਸਥਾਰ ਨਾਲ ਦੱਸੇ ਹਨ, ਜੋ ਕਿ ਹਰ ਕੋਈ ਆਸਾਨੀ ਨਾਲ ਸਮਝ ਸਕਦਾ ਹੈ। "ਸੁਣਿ ਗਲਾ ਆਕਾਸ ਕੀ" ਜੋ ਵਾਕਈ ਜਪੁਜੀ ਸਾਹਿਬ ਦਾ ਅਰਥ ਸਮਝਨਾ ਚਾਹੁੰਦੇ ਹਨ, ਇਹ ਉਹਨਾ ਲੋਕਾਂ ਲਈ ਇੱਕ ਮਾਰਗਦਰਸ਼ਨ ਹੈ | ਇਸ ਗ੍ਰੰਥ ਵਿੱਚ ਦਸੀਆਂ ਗਈਆਂ ਸਿਖਿਆਵਾਂ ਤੁਹਾਡੀ ਆਤਮਿਕ ਯਾਤਰਾ ਵਿਚ ਸਹਾਇਕ ਹੋਣਗੀਆਂ ਅਤੇ ਆਪਣੇ ਜੀਵਨ ਦੇ ਉਦੇਸ਼ ਨੂੰ ਸਮਝਣ ਵਿੱਚ ਮਦਦ ਕਰਨਗੀਆਂ । ਇਹ ਕਿਤਾਬ ਪੁਰਾਤਨ ਸਿਖਿਆਵਾਂ ਨੂੰ , ਸਾਡੀ ਅੱਜ ਦੀ ਜਾਣਕਾਰੀ ਨਾਲ ਜੋੜਨ ਵਿੱਚ ਮਦਦ ਕਰੇਗੀ।

"ਸੁਣਿ ਗਲਾ ਆਕਾਸ ਕੀ (Sunn Galaa Aakaas Kee)" - ਜਪੁਜੀ ਸਾਹਿਬ ਸਟੀਕ ਦੀ ਭਾਸ਼ਾ ਪੜ੍ਹਨ ਲਈ ਆਸਾਨ ਹੈ। ਇਸ ਲਈ, ਜਦੋਂ ਤੁਸੀਂ ਇਸਨੂੰ ਪੜ੍ਹਦੇ ਹੋ, ਤਾਂ ਤੁਸੀਂ ਇਕੱਲਾ ਸਿਖਦੇ ਹੀ ਨਹੀਂ, ਬਲਕਿ ਰੱਬ ਨਾਲ ਜੁੜ ਸਕਦੇ ਹੋ। ਇਹ ਇੱਕ ਮਾਸਟਰ ਚਾਬੀ ਹੈ, ਜੋ ਸਮਝ ਦਾ ਦਰਵਾਜ਼ਾ ਖੋਲਦੀ ਹੈ ਅਤੇ ਸਾਨੂੰ ਸਾਰਿਆਂ ਨੂੰ ਜੀਵਨ ਜਿਉਣ ਦੀ ਜਾਚ ਸਿਖਾਉਂਦੀ ਹੈ। "ਸੁਣਿ ਗਲਾ ਆਕਾਸ ਕੀ" ਕੇਵਲ ਪੁਸਤਕ ਨਹੀਂ ਹੈ ਬਲਕਿ ਇਹ ਜੀਵਨ ਨੂੰ ਸਮਝਣ ਅਤੇ ਉਸਦਾ ਅਰਥ ਲੱਭਣ ਦੀ ਇੱਕ ਯਾਤਰਾ ਹੈ।

Sri Japji Sahib Ji Steek

"Sunn Galaa Aakaas Kee – Japji Sahib Vyakhya " is a explanation in punjabi that simplifies the sacred teachings of Japji Sahib, making them easy to understand. In this vyakhya, Swami Ji explains the meanings of all the pauris in a detailed manner, making it accessible for everyone to grasp easily. " Sunn Galaa Aakaas Kee " serves as a helpful Vyakhya for those who want to understand the Arth of Sri Japji Sahib ji. This Steek acts as a roadmap for them.

This steek provides insights that will assist you on your spiritual journey and help you understand the purpose of your life. The teachings in this steek connect ancient wisdom with our present knowledge, helping merge these two eras. The language of this Japji Sahib Steek is easily understandable for any age group. Therefore, when you read it, you not only learn individually but can also connect with the divine. It is a key that opens the door to understanding, guiding us all on a journey to learn about life. This is not just a vyakhya but a journey to understand life and find its meaning.

  • Website:

    EternalPathbooks.com
  • Publishing Year:

    February-2023 , March-2024 , November-2024
  • Language:

    Punjabi
  • Publisher:

    Eternal Path Publications Society (Regd.)
Scan Code

Upcoming Vyakhyas