ਅਰਥ:- ਜੋ ਲੋਕ ਮਨ ਕਰਕੇ ਮੈਲ਼ੇ ਹਨ(ਭਾਵ:- ਮਨ ਕਰਕੇ ਸਭ ਪ੍ਰਕਾਰ ਦੇ ਵਿਸ਼ਿਆਂ ਵਿਕਾਰਾਂ ਨਾਲ ਭਰੇ ਹੋਏ ਹਨ l), ਉਹ ਆਪਣੇ ਅੰਦਰੋਂ ਹੀਨ ਭਾਵ ਨੂੰ (inferiority complex) ਨੂੰ ਛੁਪਾਉਣ ਵਾਸਤੇ, ਬਾਹਰ ਤੋਂ ਪਵਿੱਤਰ ਭੇਸ ਨੂੰ ਧਾਰ ਕੇ, ਲੋਕਾਂ ਵਿੱਚ ਵਿਚਰਦੇ ਹਨ l (ਤਾਂ ਜੋ ਲੋਕਾਂ ਨੂੰ, ਉਹਨਾਂ ਦੇ ਅੰਦਰਲੀ ਹੀਣਤਾ ਦਾ ਪਤਾ ਨਾ ਲੱਗ ਸਕੇ)l
ਪਉੜੀ ਦਾ ਇਹ ਸਿਰਲੇਖ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਸ ਪੰਕਤੀ ਵਿੱਚ, ਹਰ ਇੱਕ ਮਨੁੱਖ ਦੀ ਜ਼ਿੰਦਗੀ ਦੇ ਗੁੱਝੇ ਰਾਜ਼ ਹਨ l ਇਹ ਪੰਕਤੀ ਬਹੁਤ ਭੇਤਾਂ ਨੂੰ ਖੋਲਦੀ ਹੈ ਅਤੇ ਇਸ ਵਿੱਚ ਹਰ ਇੱਕ ਮਨੁੱਖ ਨੂੰ ਵਿਅੰਗ ਨਾਲ ਪ੍ਰਸ਼ਨ ਕੀਤਾ ਹੈ l ਦਰਅਸਲ ਕਸਵੱਟੀ ਦੀ ਪਰਖ ਤੇ ਜੋ ਲੋਕ ਮਨ ਕਰਕੇ ਮੈਲ਼ੇ ਹਨ, ਉਹਨਾਂ ਨੂੰ ਬਾਹਰੋਂ ਵੀ ਮੈਲ਼ੇ ਹੀ ਦਿਸਣਾ ਚਾਹੀਦਾ ਸੀ l ਪਰ ਲੋਕਾਂ ਨੇ ਇਸ ਸਿਧਾਂਤ ਤੋਂ ਉਲਟ ਚੱਲਣਾ ਸ਼ੁਰੂ ਕਰ ਦਿੱਤਾ l ਜੋ ਕਿ ਕੁਦਰਤ ਦੇ ਨਿਯਮਾਂ ਤੋਂ ਬਿਲਕੁਲ ਉਲਟ ਹੈ l ਜੇਕਰ ਮਨੁੱਖ ਆਪਣੇ ਅੰਦਰੋਂ ਮੈਲ਼ਾ ਹੋਣ ਕਰਕੇ; ਬਾਹਰੋਂ ਲੋਕਾਂ ਵਿੱਚ ਮੈਲ਼ ਨੂੰ ਨਾ ਛੁਪਾਉਂਦਾ ਅਤੇ ਉਸੇ ਤਰ੍ਹਾਂ ਦਾ ਰਹਿੰਦਾ, ਤਾਂ ਕੁਦਰਤ ਉਸ ਨੂੰ ਪਵਿੱਤਰ ਹੋਣ ਦੇ ਬਹੁਤ ਸਾਰੇ ਮੌਕੇ ਦੇ ਦਿੰਦੀ l ਫਿਰ ਉਸ ਦੇ ਮਨ ਵਿੱਚ ਸਰਲਤਾ, ਗਰੀਬੀ ਅਤੇ ਹਲੀਮੀ ਆਦਿ ਗੁਣਾਂ ਨਾਲ, ਪ੍ਰਭੂ ਦੀ ਯਾਦਹਿਰਦੇ ਵਿੱਚ ਵਸ ਸਕਦੀ ਸੀ l ਉਸ ਨੇ ਆਪਣੇ ਆਪ ਨੂੰ ਦੂਜਿਆਂ ਤੋਂ ਉੱਤਮ ਅਤੇ ਪਵਿੱਤਰ ਦਿਖਾਉਣ ਵਾਸਤੇ, ਭੇਖ ਅਤੇ ਆਚਰਣ ਨੂੰ ਬਾਹਰ ਤੋਂ ਆਪਣੇ ਆਪ ਉੱਤੇ ਥੋਪ ਦਿੱਤਾ l ਜਿਸ ਕਰਕੇ ਉਸ ਮਨੁੱਖ ਦੇ ਸੁਧਰਨ ਵਾਸਤੇ, ਉਸ ਦੇ ਰਸਤੇ ਵਿੱਚ ਇਹ ਸਭ ਕੁੱਝ ਰੁਕਾਵਟ ਬਣ ਕੇ ਬੈਠ ਗਿਆ lਇਸੇ ਕਰਕੇ ਐਸੇ ਮਨੁੱਖ ਦੀਨ-ਹੀਨ ; ਸ਼ੁੱਭ ਗੁਣਾਂ ਤੋਂ ਬਿਨਾਂ ਹੋਣ ਕਰਕੇ, ਸਿਰਫ਼ ਗੱਲਾਂ ਨੂੰ ਮਿੱਠੇ ਅਤੇ ਵਧੀਆ ਅੰਦਾਜ਼ ਵਿੱਚ ਪੇਸ਼ ਕਰਕੇ, ਲੋਕਾਂ ਸਾਹਮਣੇ ਅਕਸਰ ਆਪ ਨੇ ਸੁਣਾਉਂਦੇ ਹੋਏ ਦੇਖੇ ਹੋਣਗੇ l ਉਹਨਾਂ ਅੰਦਰ ਕੀ-ਕੀ ਅਉਗੁਣ ਆ ਜਾਂਦੇ ਹਨ ਅਤੇ ਮੁਸੀਬਤਾਂ ਨਾਲ ਘਿਰੇ ਹੋਏ ਕਿਵੇਂ ਦੁਖੀ ਹੁੰਦੇ ਹਨ? ਗੁਰੂ ਜੀ ਨੇ ਅਗਲੀਆਂ ਪੰਕਤੀਆਂ ਵਿੱਚ ਬੜੇ ਸੁਚੱਜੇ ਢੰਗ ਨਾਲ ਪੇਸ਼ ਕੀਤਾ l
ਅਰਥ:-ਹੇ ਮਨੁੱਖ ! ਤੂੰ ਬਾਹਰ ਤੋਂ ਆਪਣੇ ਆਪ ਨੂੰ ਚਾਹੇ ਕਿੰਨਾ ਵੀ ਪਵਿੱਤਰ ਅਤੇ ਸਾਫ਼-ਸੁਥਰਾ ਬਣਾ ਲਵੇਂ, ਪਰ ਮਨ ਤੋਂ ਤਾਂ ਮੈਲ਼ਾ ਹੀ ਰਹੇਂਗਾ l ਇਸੇ ਚਲਾਕੀ-ਚੁਸਤੀ ਦੇ ਕਾਰਣ, ਤੂੰ ਆਪਣੇ ਜਨਮ ਨੂੰ ਇਸ ਤਰ੍ਹਾਂ ਦੇ ਜੂਏ ਵਿੱਚ ਹਾਰ ਦਿੱਤਾ l (ਭਾਵ- ਤੇਰੇ ਅੰਦਰ ਸ਼ੁੱਭ ਗੁਣਾਂ ਦੇ ਸਮੇਤ ਜੋ ਤੇਰੀ ਆਤਮਾ ਸੀ, ਉਹ ਇਹਨਾਂ ਚਲਾਕੀਆਂ ਦੇ ਵਿਕਾਰਾਂ ਨਾਲ ਢੱਕ ਗਈ l ਜਿਸ ਕਰਕੇ ਉਸ ਆਤਮਾ ਦੇ ਗਿਆਨ ਤੋਂ ਬਿਨਾਂ ; ਵਿਕਾਰਾਂ ਨਾਲ ਭਰੇ ਹੋਏ ਮਨ ਨਾਲ, ਇਸ ਸੰਸਾਰ ਤੋਂ ਜੂਆ ਹਾਰਨ ਵਾਲਿਆਂ ਵਾਂਗ, ਖਾਲੀ ਚਲਾ ਗਿਆ l) ਇਸ ਮੈਲ਼ ਦੇ ਭਰੇ ਹੋਏ ਮਨ ਨੂੰ, ਇੱਕ ਹੋਰ ਬਹੁਤ ਵੱਡਾ ਰੋਗ, ਤ੍ਰਿਸ਼ਨਾਂ ਦਾ ਰੋਗ ਆ ਚਿੰਬੜਿਆ l ਜਿਸ ਨੇ ਮਨ ਤੋਂ ਮੌਤ ਦੇ ਡਰ ਨੂੰ ਭੁਲਾ ਦਿੱਤਾ l
ਅਰਥ:- ਧਾਰਮਿਕ ਗ੍ਰੰਥਾਂ ਵਿੱਚ ਪ੍ਰਮਾਤਮਾ ਦੇ ਨਿਰਗੁਣ ਨਾਮ(ਸੁੰਨ, ਅਫੁਰ ਅਵਸਥਾ) ਨੂੰ ਸਭ ਤੋਂ ਸ੍ਰੇਸ਼ਟ ਕਿਹਾ ਹੈ l ਪਰ ਉਸ ਉਪਦੇਸ਼ ਨੂੰ ਤੂੰ ਸੁਣਦਾ ਹੀ ਨਹੀਂ l ਪ੍ਰਮਾਤਮਾ ਦੀ ਪ੍ਰਾਪਤੀ ਵਾਸਤੇ; ਉਲਟਾ ਇੱਧਰ-ਉੱਧਰ ਬੇਤਾਲ(ਭੈਰੋਂ) ਵਾਂਗ, ਤੀਰਥ ਅਸਥਾਨਾਂ ਤੇ ਭਟਕਦਾ ਫਿਰਦਾ ਹੈ l
ਗੁਰੂ ਜੀ ਕਹਿੰਦੇ ਹਨ ਕਿ ਜਿਹੜੇ ਲੋਕਾਂ ਉਸ ਸੱਚੇ ਪ੍ਰਮਾਤਮਾ ਨੂੰ ਛੱਡ ਕੇ, ਸੰਸਾਰ ਦੀ ਝੂਠੀ ਮਾਣ-ਮਰਯਾਦਾ ਵਿੱਚ ਲੱਗ ਗਏ, ਉਹਨਾਂ ਨੇ ਆਪਣੇ ਕੀਮਤੀ ਜਨਮ ਨੂੰ ਜੂਏ ਵਿੱਚ ਹਾਰ ਦਿੱਤਾl
Sukhmani Sehaj Gobind Gunn Naam Part-I
(Sukhmani Sahib Vyakhya)
Sukhmani Sehaj Gobind Gunn Naam Part-II
(Sukhmani Sahib Vyakhya)
Amrit-Myi Baniya Da Guldasta
(Nitnem Diyan Baniya Di Vyakhya)