Nitnem Baniya (Amrit-Myi Baniya Da Guldasta) - Jaap Sahib

Sunn Galaa Aakaas Kee

Nitnem Baniya (Amrit-Myi Baniya Da Guldasta) - Jaap Sahib

ਪ੍ਰਿਥੀਸੈ ॥ ਅਦੀਸੈ ॥ ਅਦ੍ਰਿਸੈ ॥ ਅਕ੍ਰਿਸੈ ॥੧੦੨॥

ਅਰਥ:- ਸਾਰੀਆਂ ਪ੍ਰਿਥਵੀਆਂ ਦਾ ਮਾਲਕ ਹੋਣ ਤੇ, ਉਹ ਕਿਤੇ ਵੀ ਇਹਨਾਂ ਅੱਖਾਂ ਨਾਲ ਨਜ਼ਰ ਨਹੀਂ ਆਉਂਦਾ। ਪਰ ਕਰਤਾ ਤੋਂ ਰਹਿਤ ਹੋ ਕੇ, ਉਸ ਨਾ ਦਿਸਣ ਵਾਲੇ ਪ੍ਰਭੂ ਨੂੰ ਵੀ ਦੇਖਿਆ ਜਾ ਸਕਦਾ ਹੈ।

ਭਗਵਤੀ ਛੰਦ ॥ ਤ੍ਵ ਪ੍ਰਸਾਦਿ ਕਥਤੇ ॥
ਭਗਵਤੀ ਛੰਦ ਤੇਰੀ ਕਿਰਪਾ ਨਾਲ ਕਥਨ ਕਰ ਰਿਹਾ ਹਾਂ।

ਇਹ ਸਾਰਾ ਛੰਦ ਗੁਰੂ ਸਾਹਿਬਾਂ ਨੇ ਵਿਸਮਾਦ ਵਿੱਚ ਉਚਾਰਨ ਕੀਤਾ।ਉਸ ਅਫੁਰ ਅਵਸਥਾ ਵਿੱਚ ਲੀਨ ਹੋਣ ਤੇ ਪ੍ਰਮਾਤਮਾ ਦੇ ਕ੍ਰਿਸ਼ਮੇ, ਜਿਸ ਵੇਲੇ ਅਚਾਨਕ ਅਨੁਭਵ ਹੋਣ ਲੱਗ ਜਾਣ ਤਾਂ ਉਹਨਾਂ ਨੂੰ ਦੇਖ ਕੇ ਇੰਜ ਮਹਿਸੂਸ ਹੁੰਦਾ ਹੈ:-

ਕਿ ਆਛਿਜ ਦੇਸੈ ॥ ਕਿ ਆਭਿਜ ਭੇਸੈ ॥

ਅਰਥ:- ਹੇ ਪ੍ਰਭੂ! ਕੀ ਤੇਰਾ ਸਥਾਨ ਸਦਾ ਰਹਿਣ ਵਾਲਾ ਹੈ, ਜਿੱਥੇ ਰਹਿੰਦਿਆਂ ਹੋਇਆਂ ਤੇਰਾ ਸਰੂਪ ਕਿਸੇ ਵਾਸਨਾ ਨਾਲ ਭਿੱਜਦਾ ਨਹੀਂ ਹੈ !

ਕਿ ਆਗੰਜ ਕਰਮੈ॥ ਕਿ ਆਭੰਜ ਭਰਮੈ ॥ ੧੦੩॥

ਅਰਥ:- ਕੀ ਬਹੁਤ ਸਾਰੇ ਕਰਮਾਂ ਦੇ ਕਰਨ ਨਾਲ ਵੀ, ਜੀਵ ਦੇ ਅੰਦਰੋਂ ਭਰਮ ਕਿਉਂ ਨਹੀਂ ਖ਼ਤਮ ਹੁੰਦਾ ?

ਕਿ ਆਭਿਜ ਲੋਕੈ॥ ਕਿ ਆਦਿਤ ਸੋਕੈ॥

ਅਰਥ:- ਕੀ ਜੇਕਰ ਤੂੰ ਤਿੰਨਾਂ ਲੋਕਾਂ ਵਿੱਚ ਭਿੱਜਣ ਤੋਂ ਰਹਿਤ ਹੈਂ, ਫਿਰ ਸੂਰਜ ਕਿਸ ਲਈ ਸੁਕਾਉਣ ਵਾਸਤੇ ਬਣਾਇਆ ਹੈ ?

ਕਿ ਅਵਧੂਤ ਬਰਨੈ॥ ਕਿ ਬਿਭੂਤਿ ਕਰਨੈ ॥੧੦੪॥

ਅਰਥ:- ਕੀ ਹੋਇਆ ਜੇਕਰ ਤੈਨੂੰ ਲੋਕ ਅਵਧੂਤ (detach) ਕਹਿ ਕੇ ਵਰਨਣ ਕਰਦੇ ਹਨ, ਫਿਰ ਤੂੰ ਬਿਭੂਤੀ ਕਿਸ ਕਾਰਨ ਵਾਸਤੇ ਲਗਾਈ ਹੋਈ ਹੈ ?

ਕਿ ਰਾਜ ਪ੍ਰਭਾ ਹੈਂ। ਕਿ ਧਰਮੰ ਧੁਜਾ ਹੈਂ।

ਅਰਥ:- ਕਿ ਜੇਕਰ ਤੇਰੀ ਰਾਜਿਆਂ ਵਰਗੀ ਸ਼ਾਨੋ-ਸ਼ੌਕਤ ਹੈ, ਫਿਰ ਇਹ ਧਰਮਾਂ ਦੇ ਝੰਡੇ ਕਿਸ ਵਾਸਤੇ ਝੂਲਦੇ ਹਨ ?

ਕਿ ਆਸੋਕ ਬਰਨੈ ॥ ਕਿ ਸਰਬਾ ਅਭਰਨੈ॥ ੧੦੫॥

ਅਰਥ:- ਕੀ ਜੇਕਰ ਤੈਨੂੰ ਸਾਰਿਆਂ ਲੋਕਾਂ ਵਿੱਚ ਦੁੱਖਾਂ ਤੋਂ ਰਹਿਤ ਵਰਨਣ ਕੀਤਾ ਗਿਆ ਹੈ, ਫਿਰ ਤੂੰ ਸਾਰਿਆਂ ਦਾ ਸ਼ਿੰਗਾਰ ਕਿਵੇਂ ਹੋ ਸਕਦਾ ਹੈ ?

ਕਿ ਜਗਤੰ ਕ੍ਰਿਤੀ ਹੈਂ ॥ ਕਿ ਛਤ੍ਰੰ ਛਤ੍ਰੀ ਹੈਂ ॥

ਅਰਥ:- ਕੀ ਜੇਕਰ ਤੂੰ ਜਗਤ ਨੂੰ ਬਣਾਉਣ ਵਾਲਾ ਹੈਂ, ਫਿਰ ਤੂੰ ਛੱਤ੍ਰੀਆਂ ਦਾ ਛੱਤ੍ਰੀ ਕਿਵੇਂ ਅਖਵਾ ਸਕਦਾ ਹੈਂ ? ਕਿਉਂਕਿ ਛੱਤ੍ਰੀ ਤਾਂ ਲੜਾਈ ਕਰਕੇ ਦੂਜਿਆਂ ਨੂੰ ਖਤਮ ਕਰ ਦਿੰਦੇ ਹਨ।

ਕਿ ਬ੍ਰਹਮੰ ਸਰੂਪੈ। ਕਿ ਅਨਭਉ ਅਨੂਪੈ॥੧੦੬॥

ਅਰਥ:- ਕੀ ਜੇਕਰ ਤੂੰ ਪ੍ਰਮਾਤਮਾ ਦਾ ਸਰੂਪ ਹੈਂ, ਫਿਰ ਉਸ ਦਾ ਸੁੰਦਰ ਅਨੁਭਵ ਕਿਵੇਂ ਹੋ ਸਕਦਾ ਹੈ ? ਭਾਵ- ਪ੍ਰਮਾਤਮਾ ਤੋਂ ਅਲੱਗ ਹੋ ਕੇ ਹੀ ਪਤਾ ਚਲਦਾ ਹੈ ਕਿ ਉਸਦੇ ਮਿਲਣ ਦਾ ਅਨੁਭਵ ਬਹੁਤ ਅਨੰਦ ਨੂੰ ਦੇਣ ਵਾਲਾ ਹੈ। ਮਿਲਾਪ ਵੇਲੇ ਇਸ ਗੱਲ ਦਾ ਪਤਾ ਨਹੀਂ ਲੱਗਦਾ।

ਕਿ ਆਦਿ ਅਦੇਵ ਹੈਂ॥ ਕਿ ਆਪ ਅਭੇਵ ਹੈਂ॥

ਅਰਥ:- ਕੀ ਜੇਕਰ ਤੂੰ ਅਰੰਭ ਤੋਂ ਹੀ ਆਤਮਾ ਤੋਂ ਬਿਨਾਂ ਹੈਂ, ਫਿਰ ਆਪਣੇ ਆਤਮਾ ਨੂੰ ਲੀਨ ਕਿਸ ਵਾਸਤੇ ਕਰਨਾ ਹੈਂ ?

ਕਿ ਚਿਤ੍ਰੰ ਬਿਹੀਨੈ॥ ਕਿ ਏਕੈ ਅਧੀਨੈ ॥੧੦੭॥

ਅਰਥ:- ਕੀ ਜੇਕਰ ਤੂੰ ਕਿਸੇ ਵੀ ਮੂਰਤ ਤੋਂ ਬਿਨਾਂ ਹੈਂ, ਫਿਰ ਇੱਕ ਦੇ ਅਧੀਨ ਕਿਵੇਂ ਹੋ ਸਕਦੇ ਹਾਂ ? ਭਾਵ- ਜਦੋਂ ਉਸ ਦੀ ਕੋਈ ਮੂਰਤ ਹੀ ਨਹੀਂ ਹੈ ਅਤੇ ਸਭ ਜਗ੍ਹਾ ਉਹੀ ਇੱਕ ਨਿਰਾਕਾਰ ਹੀ ਪਸਰਿਆ ਹੋਇਆ ਹੈ। ਫਿਰ ‘ਇੱਕ’ ਸ਼ਬਦ ਨੂੰ ਵੀ ਵਰਤਿਆ ਨਹੀਂ ਜਾ ਸਕਦਾ। ਕਿਉਂਕਿ ਇੱਕ ਕਹਿਣ ਤੇ ਅਗਲੀ ਸਾਰੀ ਗਿਣਤੀ ਸ਼ੁਰੂ ਹੋ ਜਾਂਦੀ ਹੈ। ਭਾਵ- ਇੱਕ ਅੱਖਰ ਵੀ ਦੁਬਿਧਾ (ਦ੍ਵੈਤ) ਦਾ ਪ੍ਰਤੀਕ ਹੈ।

ਕਿ ਰੋਜ਼ੀ ਰਜ਼ਾਕੈ ॥ ਰਹੀਮੈ ਰਿਹਾਕੈ ॥

ਅਰਥ:- ਕੀ ਜੇਕਰ ਤੂੰ ਜੀਵਾਂ ਨੂੰ ਪੇਟ ਭਰ ਕੇ ਖਾਣ ਨੂੰ ਦਿੰਦਾ ਹੈਂ, ਫਿਰ ਦਿਲ ਵਿੱਚ ਰਹਿਮ ਨੂੰ ਰੱਖ ਕੇ ਕੀ ਕਰਨਾ ਹੈ ?

ਕਿ ਪਾਕ ਬਿਐਬ ਹੈਂ ॥ ਕਿ ਗੈਬੁਲ ਗ਼ੈਬ ਹੈਂ॥ ੧੦੮॥

ਅਰਥ:- ਕੀ ਜੇਕਰ ਤੂੰ ਬਿਨਾਂ ਕਿਸੇ ਦੋਸ਼ ਦੇ ਪਵਿੱਤਰ ਅਖਵਾਉਂਦਾ ਹੈਂ, ਤਾਂ ਫਿਰ ਚੋਰਾਂ ਵਾਂਗ ਕਿਉਂ ਲੁਕਿਆ ਛਿਪਿਆ ਹੋਇਆ ਹੈਂ ?

ਕਿ ਅਫ਼ਵੁਲ ਗੁਨਾਹ ਹੈਂ ॥ ਕਿ ਸਾਹਾਨ ਸਾਹ ਹੈਂ॥

ਅਰਥ:- ਹੇ ਪ੍ਰਭੂ ! ਕੀ ਜੇਕਰ ਤੂੰ ਸਾਰਿਆਂ ਦੇ ਗੁਨਾਹਾਂ ਨੂੰ ਮੁਆਫ ਕਰਨ ਵਾਲਾ ਹੈਂ, ਫਿਰ ਤੂੰ ਬਾਦਸ਼ਾਹਾਂ ਦਾ ਬਾਦਸ਼ਾਹ ਕਿਵੇਂ ਹੋ ਸਕਦਾ ਹੈਂ ? (ਭਾਵ- ਇਸ ਸੰਸਾਰ ਵਿੱਚ ਤਾਂ ਬਾਦਸ਼ਾਹਾਂ ਦੇ ਦੁਆਰਾ ਗੁਨਾਹ ਮੁਆਫ ਕੀਤੇ ਜਾਂਦੇ ਹਨ)।

ਕਿ ਕਾਰਨ ਕੁਨਿੰਦ ਹੈਂ ॥ ਕਿ ਰੋਜ਼ੀ ਦਿਹਿੰਦ ਹੈਂ ॥ ੧੦੯॥

ਅਰਥ:- ਕੀ ਜੇਕਰ ਤੂੰ ਸਾਰੇ ਕਾਰਨਾਂ ਨੂੰ ਕਰਨ ਵਾਲਾ ਹੈਂ, ਫਿਰ ਰੋਜ਼ੀ ਰੋਟੀ ਕਿਸ ਨੂੰ ਦੇਣੀ ਹੈ ?

ਕਿ ਰਾਜਕ ਰਹੀਮ ਹੈਂ॥ ਕਿ ਕਰਮੰ ਕਰੀਮ ਹੈਂ॥

ਅਰਥ:- ਹੇ ਪ੍ਰਭੂ ! ਕੀ ਜੇਕਰ ਤੂੰ ਸਾਰਿਆਂ ਉੱਤੇ ਰਹਿਮ ਕਰਕੇ, ਉਹਨਾਂ ਨੂੰ ਰਿਜ਼ਕ ਦੇਣ ਵਾਲਾ ਹੈਂ, ਫਿਰ ਤੂੰ ਜੀਵਾਂ ਦੇ ਗੁਨਾਹਾਂ ਨੂੰ ਬਖਸ਼ ਕੇ, ਉਹਨਾਂ ਤੇ ਮਿਹਰ ਕਰਨ ਵਾਲਾ ਕਿਵੇਂ ਹੋ ਸਕਦਾ ਹੈਂ ? ਭਾਵ- ਜੀਵਾਂ ਤੇ ਤਰਸ ਖਾ ਕੇ ਉਹਨਾਂ ਨੂੰ ਪਹਿਲਾਂ ਹੀ ਰਿਜ਼ਕ ਦੇ ਦਿੱਤਾ, ਫਿਰ ਜੀਵਾਂ ਦੇ ਵਾਸਤੇ ਹੋਰ ਕੁੱਝ ਕਰਨ ਨੂੰ ਬਾਕੀ ਨਹੀਂ ਰਹਿ ਜਾਂਦਾ।

ਕਿ ਸਰਬੰ ਕਲੀ ਹੈਂ॥ ਕਿ ਸਰਬੰ ਦਲੀ ਹੈਂ॥ ੧੧੦॥

ਅਰਥ:- ਕੀ ਸਾਰਿਆਂ ਜੀਵਾਂ ਦਾ ਜੇਕਰ ਤੂੰ ਕਾਲ ਹੈਂ, ਫਿਰ ਸਾਰਿਆਂ ਨੂੰ ਆਪਣੇ ਥੱਲੇ ਕਿਵੇਂ ਲਿਤਾੜ ਸਕਦਾ ਹੈਂ?

ਕਿ ਸਰਬੱਤ੍ਰ ਮਾਨਯੈ॥ ਕਿ ਸਰਬੱਤ੍ਰ ਦਾਯੈ॥

ਅਰਥ:- ਕੀ ਸਾਰਿਆਂ ਥਾਂਵਾਂ ਉੱਤੇ ਜੇਕਰ ਤੈਨੂੰ ਮੰਨਿਆ ਜਾਂਦਾ ਹੈ, ਫਿਰ ਸਾਰਿਆਂ ਜੀਵਾਂ ਵਿੱਚ ਦਾਨ ਦੇਣਾ ਕਿਵੇਂ ਹੋ ਸਕਦਾ ਹੈ ?

ਕਿ ਸਰਬੱਤ੍ਰ ਗਉਨੈ॥ ਕਿ ਸਰਬੱਤ੍ਰ ਭਉਨੈ ॥੧੧੧

ਅਰਥ:- ਕੀ ਸਭ ਜਗ੍ਹਾ ਉੱਤੇ ਜੇਕਰ ਤੂੰ ਗਮਨ ਕਰਦਾ ਹੈਂ; ਫਿਰ ਸਾਰਿਆਂ ਜੀਵਾਂ ਵਿੱਚ ਆਪਣੇ ਰਹਿਣ ਵਾਸਤੇ, ਹਿਰਦੇ ਘਰ ਕਿਸ ਲਈ ਬਣਾਏ ਹੋਏ ਹਨ ?

ਕਿ ਸਰਬੱਤ੍ਰ ਦੇਸੈ ॥ ਕਿ ਸਰਬੱਤ੍ਰ ਭੇਸੈ॥

ਅਰਥ:- ਕੀ ਸਾਰਿਆਂ ਦੇਸ਼ਾਂ ਵਿੱਚ ਜੇਕਰ ਤੂੰ ਰਹਿੰਦਾ ਹੈਂ, ਤਾਂ ਫਿਰ ਇਹ ਸਾਰੇ ਭੇਸ ਕਿਸ ਵਾਸਤੇ ਬਣਾਏ ਹੋਏ ਹਨ ?

ਕਿ ਸਰਬੱਤ੍ਰ ਰਾਜੈ ॥ ਕਿ ਸਰਬੱਤ੍ਰ ਸਾਜੈ ॥੧੧੨॥

ਅਰਥ:-ਕੀ ਜੇਕਰ ਤੂੰ ਸਾਰਿਆਂ ਥਾਂਵਾਂ ਤੇ ਬਿਰਾਜਮਾਨ ਹੈਂ, ਫਿਰ ਸਾਰਿਆਂ ਵਿੱਚ ਅਲੱਗ-ਅਲੱਗ ਢੰਗਾਂ ਨਾਲ ਕਿਉਂ ਸਜਿਆ ਹੋਇਆ ਹੈ।

ਕਿ ਸਰਬੱਤ੍ਰ ਦੀਨੈ ॥ ਕਿ ਸਰਬੱਤ੍ਰ ਲੀਨੈ ॥

ਅਰਥ:-ਕੀ ਜੇਕਰ ਤੂੰ ਜੀਵਾਂ ਨੂੰ ਸਭ ਕੁੱਝ ਦਿੰਦਾ ਹੈਂ, ਫਿਰ ਉਹਨਾਂ ਤੋਂ ਸਭ ਕੁੱਝ ਕਿਉਂ ਲੈ ਲੈਂਦਾ ਹੈਂ ?

ਕਿ ਸਰਬੱਤ੍ਰ ਜਾ ਹੋ ॥ ਕਿ ਸਰਬੱਤ੍ਰ ਭਾ ਹੋ ॥੧੧੩॥

ਅਰਥ:-ਕੀ ਜੇਕਰ ਤੂੰ ਸਾਰਿਆਂ ਜਗ੍ਹਾ ਉੱਤੇ ਬਿਰਾਜਮਾਨ ਹੈਂ; ਫਿਰ ਲੋਕਾਂ ਵਿੱਚ ਤੇਰਾ ਚੰਗਾ ਲੱਗਣਾ ਕਿਵੇਂ ਹੋ ਸਕਦਾ ਹੈ ?

ਕਿ ਸਰਬੱਤ੍ਰ ਦੇਸੈ ॥ ਕਿ ਸਰਬੱਤ੍ਰ ਭੇਸੈ ॥

ਅਰਥ:-ਕੀ ਜੇਕਰ ਤੂੰ ਆਪਣੇ ਪਿਆਰਿਆਂ ਨੂੰ ਸਭ ਕੁੱਝ ‘ਦੇਸੈ’ ਦਿੰਦਾ ਹੈ। ਫਿਰ ਤੇਰੀ ਪ੍ਰਾਪਤੀ ਲਈ ਇਹ ਸਾਰੇ ਭੇਸ, ਕਿਸ ਵਾਸਤੇ ਬਣਾਏ ਹੋਏ ਹਨ ?

ਕਿ ਸਰਬੱਤ੍ਰ ਕਾਲੈ ॥ ਕਿ ਸਰਬੱਤ੍ਰ ਪਾਲੈ ॥੧੧੪॥

ਅਰਥ:-ਕੀ ਜੇਕਰ ਤੂੰ ਸਾਰਿਆਂ ਸਮਿਆਂ ਵਿੱਚ ਪ੍ਰਗਟ ਰੂਪ ਵਿੱਚ ਹੈਂ, ਫਿਰ ਸਾਰਿਆਂ ਜੀਵਾਂ ਦੀ ਪਾਲਣਾ ਕਿਉਂ ਕਰਦਾ ਹੈਂ ?

ਦੂਜਾ ਅਰਥ:-ਕੀ ਜੇਕਰ ਤੂੰ ਸਾਰਿਆਂ ਜੀਵਾਂ ਅੰਦਰ ਮੌਤ ਬਣ ਕੇ ਬੈਠਾ ਹੋਇਆ ਹੈ, ਫਿਰ ਜੀਵਾਂ ਦੀ ਪਾਲਣਾ ਕਿਸ ਵਾਸਤੇ ਕਰਦਾ ਹੈਂ ?

ਕਿ ਸਰਬੱਤ੍ਰ ਹੰਤਾ ॥ ਕਿ ਸਰਬੱਤ੍ਰ ਗੰਤਾ ॥

ਅਰਥ:-ਕੀ ਜੇਕਰ ਤੂੰ ਸਾਰਿਆਂ ਨੂੰ ਨਾਸ਼ ਹੀ ਕਰ ਦੇਣਾ ਹੈ, ਫਿਰ ਸਾਰਿਆਂ ਜੀਵਾਂ ਤੱਕ ਤੇਰੀ ਪਹੁੰਚ ਕਿਸ ਵਾਸਤੇ ਹੈ।

ਕਿ ਸਰਬੱਤ੍ਰ ਭੇਖੀ ॥ ਕਿ ਸਰਬੱਤ੍ਰ ਪੇਖੀ ॥੧੧੫॥

ਅਰਥ:-ਕੀ ਸਾਰਿਆਂ ਤਰ੍ਹਾਂ ਦੇ ਸਰੀਰਾਂ ਵਾਲੇ ਭੇਖਾਂ ਵਿੱਚ, ਜੇਕਰ ਤੂੰ ਹੀ ਵੱਸਦਾ ਹੈਂ, ਪਰ ਫਿਰ ਵੀ ਸਭ ਲੋਕ ਕਿਸ ਲਈ ਤੇਰੇ ਦਰਸ਼ਨ ਕਰਨਾ ਚਾਹੁੰਦੇ ਹਨ ? ਕਿਉਂਕਿ ਤੂੰ ਸਭ ਭੇਖਾਂ ਵਿੱਚ ਤਾਂ ਪਹਿਲਾਂ ਹੀ ਵਸਦਾ ਹੈਂ।

ਕਿ ਸਰਬੱਤ੍ਰ ਕਾਜੈ ॥ ਕਿ ਸਰਬੱਤ੍ਰ ਰਾਜੈ ॥

ਅਰਥ:- ਕੀ ਸਾਰਿਆਂ ਜੀਵਾਂ ਅੰਦਰ ਬੈਠ ਕੇ; ਜੇਕਰ ਤੂੰ ਹੀ ਸਭ ਕੁੱਝ ਕਰਨ ਵਾਲਾ ਹੈਂ, ਫਿਰ ਸਾਰਿਆਂ ਦਾ ਰਾਜਾ ਕਿਵੇਂ ਹੋ ਸਕਦਾ ਹੈ ?

ਕਿ ਸਰਬੱਤ੍ਰ ਸੋਖੈ ॥ ਕਿ ਸਰਬੱਤ੍ਰ ਪੋਖੈ ॥੧੧੬॥
‘ਸੋਖੈ’- ਸੋਖਣਾ (ਰਮਿਆ ਹੋਇਆ)

ਅਰਥ:- ਕੀ ਜੇਕਰ ਤੂੰ ਸਭ ਥਾਂਵਾਂ ਤੇ ਰਮਿਆ ਹੋਇਆ ਹੈਂ, ਫਿਰ ਸਾਰਿਆਂ ਦੀ ਪਾਲਣਾ ਕਿਵੇਂ ਹੋ ਸਕਦੀ ਹੈ ? ਭਾਵ- ਤੇਰੀ ਅਣਹੋਂਦ ਕਾਰਨ ਪਾਲਣਾ ਹੋ ਸਕਦੀ ਹੈ।

ਕਿ ਸਰਬੱਤ੍ਰ ਤ੍ਰਾਣੈ ॥ ਕਿ ਸਰਬੱਤ੍ਰ ਪਾਣੈ ॥

ਅਰਥ:-ਕੀ ਸਾਰਿਆਂ ਪ੍ਰਾਣੀਆਂ ਵਿੱਚ ਜੇਕਰ ਤੂੰ ਤਾਕਤ (ਬਲ) ਦਾ ਰੂਪ ਹੈਂ, ਫਿਰ ਸਾਰਿਆਂ ਦੇ ਪ੍ਰਾਣ ਕੌਣ ਲੈ ਸਕਦਾ ਹੈ ? (ਜਾਂ) ਸਾਰਿਆਂ ਦੇ ਪ੍ਰਾਣ ਕਿਵੇਂ ਹੋ ਸਕਦਾ ਹੈ ? ਕਿਉਂਕਿ ਬਲ ਅਤੇ ਪ੍ਰਾਣ ਦੋਨੋਂ ਅਲੱਗ-ਅਲੱਗ ਸ਼ਕਤੀਆਂ ਹਨ।

ਕਿ ਸਰਬੱਤ੍ਰ ਦੇਸੈ ॥ ਕਿ ਸਰਬੱਤ੍ਰ ਭੇਸੈ ॥੧੧੭॥

ਅਰਥ:-ਕੀ ਸਾਰਿਆਂ ਵਿੱਚ ਜੇਕਰ ਤੂੰ ਆਪਣੇ ਆਪ ਨੂੰ ਦੇ ਦਿੰਦਾ ਹੈਂ, ਫਿਰ ਇਹ ਸਾਰੇ ਭੇਸ ਕਿਸ ਲਈ ਬਣਾਏ ਹੋਏ ਹਨ ? ਭਾਵ- ਉਹ ਵੀ ਤਾਂ ਤੇਰੀ ਪ੍ਰਾਪਤੀ ਲਈ ਇੱਧਰ- ਉੱਧਰ ਭਟਕ ਰਹੇ ਹਨ।

ਕਿ ਸਰਬੱਤ੍ਰ ਮਾਨ੍ਯੈ ॥ ਸਦੈਵੰ ਪ੍ਰਧਾਨ੍ਯੈ ॥

ਅਰਥ:-ਕੀ ਤੂੰ ਸਾਰਿਆਂ ਥਾਂਵਾਂ ਉੱਤੇ ਸਦਾ ਹੀ, ਮੁੱਖ ਰੂਪ ਵਿੱਚ ਪੂਜਿਆ ਜਾਂਦਾ ਹੈ ?

ਕਿ ਸਰਬੱਤ੍ਰ ਜਾਪ੍ਯੈ ॥ ਕਿ ਸਰਬੱਤ੍ਰ ਥਾਪ੍ਯੈ ॥ ੧੧੮॥

ਅਰਥ:-ਕੀ ਜੇਕਰ ਤੈਨੂੰ ਸਭ ਜਗ੍ਹਾ ਜਪਿਆ ਜਾਂਦਾ ਹੈ। (ਜਾਂ) ਕੀ ਸਭ ਜਗ੍ਹਾ ਜੇਕਰ ਤੂੰ ਹੀ ਜਾਪਦਾ (ਦਿਸਦਾ) ਹੈਂ, ਫਿਰ ਸਾਰਿਆਂ ਧਰਮਾਂ ਵਿੱਚ ਤੇਰੀ ਸਥਾਪਨਾ ਕਿਉਂ ਕੀਤੀ ਜਾਂਦੀ ਹੈ ?

ਕਿ ਸਰਬੱਤ੍ਰ ਭਾਨੈ ॥ ਕਿ ਸਰਬੱਤ੍ਰ ਮਾਨੈ ॥

ਅਰਥ:-ਕੀ ਸਾਰਿਆਂ ਜੀਵਾਂ ਵਿੱਚ ਜੇਕਰ ਤੇਰਾ ਸੂਰਜ ਵਾਂਗ ਪ੍ਰਕਾਸ਼ ਹੈ। ਫਿਰ ਲੋਕ ਤੇਰੀ ਮਾਨਤਾ (ਪੂਜਾ) ਕਿਉਂ ਕਰਦੇ ਹਨ ?

ਕਿ ਸਰਬੱਤ੍ਰ ਇੰਦ੍ਰੈ ॥ ਕਿ ਸਰਬੱਤ ਚੰਦ੍ਰੈ ॥੧੧੯॥

ਅਰਥ:-ਕੀ ਜੇਕਰ ਤੇਰੀ ਉਪਮਾ ਕਰਨ ਵੇਲੇ, ਸਾਰੀ ਸ੍ਰਿਸ਼ਟੀ ਵਿੱਚੋਂ ਤੈਨੂੰ ਇੰਦ੍ਰ ਦੀ ਪਦਵੀ ਦੇ ਬਰਾਬਰ ਮੰਨਦੇ ਹਨ, ਫਿਰ ਤੂੰ ਸਾਰਿਆਂ ਵਿੱਚ, ਚੰਦ੍ਰਮਾਂ ਦੇ ਸਮਾਨ ਕਿਵੇਂ ਹੋ ਸਕਦਾ ਹੈਂ ?

ਕਿ ਸਰਬੰ ਕਲੀਮੈ ॥ ਕਿ ਪਰਮੰ ਫਹੀਮੈ ॥

ਅਰਥ:- ਕੀ ਸਾਰੇ ਮੰਤਰ ਜਾਂ ਕਲਮੇ ਜੇਕਰ ਤੂੰ ਹੀ ਬਣਾਏ ਹੋਏ ਹਨ (ਭਾਵ- ਤੇਰੀ ਅਕਾਸ਼ ਬਾਣੀ { ਧੁਰ ਕੀ ਬਾਣੀ} ਵਿੱਚੋਂ ਨਿਕਲੇ ਹੋਏ ਹਨ), ਫਿਰ ਇਸ ਸੰਸਾਰ ਵਿੱਚ ਸ੍ਰੇਸ਼ਟ ਅਤੇ ਬੁੱਧੀਮਾਨ ਕੌਣ ਹੋ ਸਕਦਾ ਹੈ ?

ਕਿ ਆਕਲ ਅਲਾਮੈ ॥ ਕਿ ਸਾਹਿਬ ਕਲਾਮੈ ॥ ੧੨੦॥

ਅਰਥ:- ਕੀ ਜੇਕਰ ਤੂੰ ਹੀ ਸਭ ਤੋਂ ਜ਼ਿਆਦਾ ਅਕਲਮੰਦ ਹੈਂ, ਫਿਰ ਇੱਥੇ ਸੰਸਾਰ ਵਿੱਚ, ਸਾਹਿਬ ਲੋਕਾਂ ਨੂੰ ਸਿਜਦੇ ਕਿਉਂ ਕੀਤੇ ਜਾਂਦੇ ਹਨ ?

ਕਿ ਹੁਸਨੁਲ ਵਜੂ ਹੈਂ ॥ ਤਮਾਮੁਲ ਰੁਜੂ ਹੈਂ ॥

ਅਰਥ:- ਕੀ ਜੇਕਰ ਤੂੰ ਸੁੰਦਰਤਾ ਦਾ ਮੁਜੱਸਮਾ ਹੈ।(ਭਾਵ- ਸਾਰਿਆਂ ਲੋਕਾਂ ਦਾ ਧਿਆਨ ਤੇਰੇ ਵੱਲ ਖਿੱਚਿਆ ਜਾਣਾ ਚਾਹੀਦਾ ਸੀ)। ਪਰ ਉਲਟਾ ਤੂੰ ਸਾਰਿਆਂ ਨੂੰ ਧਿਆਨ ਨਾਲ ਦੇਖਦਾ ਹੈਂ।

ਹਮੇਸੁਲ ਸਲਾਮੈ ॥ ਸਲੀਖਤ ਮੁਦਾਮੈ ॥੧੨੧॥

ਅਰਥ:- ਸਾਰੀ ਸ੍ਰਿਸ਼ਟੀ ਦੇ ਲੋਕ ਤੈਨੂੰ ਸਦਾ ਹੀ ਸਲਾਮ ਕਰਦੇ ਹਨ। ਪਰ ਫਿਰ ਵੀ ਤੂੰ ਸਾਰਿਆਂ ਵਿੱਚ ਬੜੇ ਸਲੀਕੇ (ਸੁੱਚਜੇ ਢੰਗ) ਨਾਲ, ਸਾਰਿਆਂ ਵਿੱਚ ਇੱਕ ਮੁੱਦੇ ਵਾਂਗ ਬਣਿਆ ਹੋਇਆ ਹੈ।
ਭਾਵ:- ਉਸ ਨਿਰੰਕਾਰ ਨੂੰ ਕਿਵੇਂ ਪ੍ਰਾਪਤ ਕਰਨਾ ਹੈ ਆਦਿ, ਇਸ ਤਰ੍ਹਾਂ ਦੇ ਵਿਚਾਰ ਸਾਰਿਆਂ ਲੋਕਾਂ ਦੇ ਮਨਾਂ ਵਿੱਚ ਘੁੰਮਦੇ ਰਹਿੰਦੇ ਹਨ।

ਗਨੀਮੂਲ ਸਿਕਸਤੈ ॥ ਗ਼ਰੀਬੁਲ ਪਰਸਤੈ ॥

ਅਰਥ:- ਜੇਕਰ ਤੂੰ ਵੈਰੀਆਂ ਨੂੰ ਹਰਾਉਣ ਵਾਲਾ ਹੈਂ, ਫਿਰ ਵੀ ਗਰੀਬ (ਆਜਿਜ) ਲੋਕ ਕੇਵਲ ਡਰ ਕਰਕੇ ਹੀ ਤੈਨੂੰ ਪਰਸਦੇ (ਸੇਵਦੇ) ਹਨ । (ਜਾਂ) ਗਰੀਬ (ਆਜਿਜ) ਲੋਕ ਫਿਰ ਵੀ ਤੇਰੀ ਪੂਜਾ ਕਰੀ ਜਾ ਰਹੇ ਹਨ । ਉਹਨਾਂ ਨੂੰ ਕੀ ਇਸ ਗੱਲ ਦਾ ਪਤਾ ਨਹੀਂ ਹੈ ਕਿ ਤੂੰ ਵੈਰੀਆਂ ਨੂੰ ਪਛਾੜ ਦਿੰਦਾ ਹੈਂ ?

ਬਲੰਦੁਲ ਮਕਾਨੈ ॥ ਜਮੀਨੁਲ ਜਮਾਨੈ ॥੧੨੨॥
‘ਜਮਾਨੈ’- ਜਮਾ ਨੈ - ਬਿਲਕੁਲ, ਐਨ

ਅਰਥ:- ਤੇਰਾ ਅਸਥਾਨ ਸਭ ਤੋਂ ਉੱਚਾ ਹੈ ਅਤੇ ਤੂੰ ਧਰਤੀ ਉੱਤੇ ਰਹਿਣ ਵਾਲਿਆਂ ਜੀਵਾਂ ਅੰਦਰ, ਐਨ (ਬਿਲਕੁਲ) ਉਸੇ ਤਰ੍ਹਾਂ ਦਾ ਹੋ ਕੇ ਰਹਿ ਰਿਹਾ ਹੈਂ।

ਅਗਲੀਆਂ ਸਾਰੀਆਂ ਪੰਕਤੀਆਂ ਵਿੱਚ ਪਿੱਛੇ ਦਿੱਤੇ ਗਏ ਵਿਸਮਾਦਿਕ ਪ੍ਰਸ਼ਨਾਂ ਦਾ ਉੱਤਰ ਹੈ।

ਤਮੀਜ਼ੂਲ ਤਮਾਮੈ॥ ਰੁਜੂਅਲ ਨਿਧਾਨੈ॥

ਅਰਥ:- ਸਾਰਿਆਂ ਜੀਵਾਂ ਨੂੰ ਬਹੁਤ ਤਰ੍ਹਾਂ ਦੇ ਢੰਗ (ਤਰੀਕੇ) ਦਿੰਦਾ ਹੈਂ ਅਤੇ ਉਹਨਾਂ ਨੂੰ ਧਿਆਨ ਕਰਨ ਵਾਲੇ ਪਾਸੇ ਨੂੰ ਪ੍ਰੇਤ ਕਰਕੇ, ਨਾਮ ਦਾ ਖਜ਼ਾਨਾ ਬਖਸ਼ ਦਿੰਦਾ ਹੈ।

ਹਰੀਫੁਲ ਅਜ਼ੀਮੈ ॥ ਰਜ਼ਾਇਕ ਯਕੀਨੈ ॥੧੨੩॥

ਅਰਥ:- ਤੂੰ ਸਾਰਿਆਂ ਦਾ ਸਭ ਤੋਂ ਵੱਡਾ ਮਿੱਤਰ ਹੈਂ । ਇਸੇ ਕਰਕੇ ਯਕੀਨਨ ਤੂੰ ਸਾਰਿਆਂ ਨੂੰ ਰਿਜ਼ਕ ਦੇਣ ਵਾਲਾ ਹੈਂ।

ਅਨੇਕੁਲ ਤਰੰਗ ਹੈਂ ॥ ਅਭੇਦ ਹੈਂ ਅਭੰਗ ਹੈਂ ॥

ਅਰਥ:- ਜੀਵਾਂ ਦੇ ਮਨਾਂ ਅੰਦਰ ਅਨੇਕਾਂ ਤਰ੍ਹਾਂ ਨਾਲ, ਵਿਚਾਰਾਂ ਦੀਆਂ ਸਮੁੰਦਰ ਵਾਂਗ ਲਹਿਰਾਂ ਉਤਪੰਨ ਕਰ ਦਿੰਦਾ ਹੈ। ਪਰ ਫਿਰ ਵੀ ਤੂੰ ਉਹਨਾਂ ਵਿੱਚ, ਇਸ ਭੇਦ ਤੋਂ ਰਹਿਤ ਹੋ ਕੇ ਰਹਿੰਦਾ ਹੈਂ। ਇਸ ਵਾਸਤੇ ਕੋਈ ਵੀ ਵਿਚਾਰ ਦੀ ਲਹਿਰ, ਤੇਰੇ ਆਤਮ ਸਰੂਪ ਨੂੰ ਨਾਸ਼ ਨਹੀਂ ਕਰਦੀ।

ਅਜ਼ੀਜ਼ੁਲ ਨਿਵਾਜ ਹੈਂ ॥ ਗਨੀਮੁਲ ਖਿਰਾਜ ਹੈਂ ॥ ੧੨੪॥

ਅਰਥ:- ਤੇਰੇ ਪਿਆਰ ਵਿੱਚ ਭਿੱਜੇ ਪਿਆਰਿਆਂ ਨੂੰ ਸਦਾ ਨਿਵਾਜਣ ਵਾਲਾ ਹੈਂ ਅਤੇ ਉਹਨਾਂ ਦੇ ਵੈਰੀਆਂ ਨੂੰ ਸਦਾ ਡੰਨ ਦੇਣ ਵਾਲਾ ਹੈਂ ।

ਨਿਰੁਕਤ ਸਰੂਪ ਹੈਂ ॥ ਤ੍ਰਿਮੁਕਤਿ ਬਿਭੂਤਿ ਹੈਂ ॥

ਅਰਥ:-ਹੇ ਪ੍ਰਭੂ ! ਤੇਰਾ ' ਸਰੂਪ ਬਿਆਨ ਤੋਂ ਰਹਿਤ ਹੈ । ਤੇਰੀ ਸੰਪਤੀ (ਆਤਮ ਗਿਆਨ) ਤਿੰਨਾਂ ਗੁਣਾਂ ਤੋਂ ਪਰ੍ਹੇ ਹੈਂ । (ਭਾਵ- ਰਜੋ, ਤਮੋ ਅਤੇ ਸਤੋ ਗੁਣਾਂ ਤੋਂ ਉੱਪਰ ਉੱਠ ਕੇ, ਆਤਮ ਗਿਆਨ ਨੂੰ ਅਨੁਭਵ ਕੀਤਾ ਜਾ ਸਕਦਾ ਹੈ)

ਪ੍ਰਭੁਗਤਿ ਪ੍ਰਭਾ ਹੈਂ ॥ ਸੁ ਜੁਗਤਿ ਸੁਧਾ ਹੈਂ ॥੧੨੫॥

ਅਰਥ:-ਭੋਗੀਆਂ ਜਾਣ ਵਾਲੀਆਂ ਸਮੱਗਰੀਆਂ ਦੇ ਸੁਆਦ ਵਿੱਚ, ਤੇਰੀ ਹੀ ਪ੍ਰਧਾਨਤਾ ਹੈ । (ਭਾਵ- ਤੂੰ ਉਹਨਾਂ ਵਸਤੂਆਂ ਵਿੱਚ ਸੁਆਦ ਦੇ ਰੂਪ ਵਜੋਂ ਬਿਰਾਜਮਾਨ ਹੈਂ । ਇਸ ਸ੍ਰੇਸ਼ਟ ਜੁਗਤੀ ਨਾਲ, ਤੂੰ ਉਹਨਾਂ ਸੁਆਦਾਂ ਵਿੱਚ ਅੰਮ੍ਰਿਤ ਵਾਂਗ ਮਿੱਠਾ ਲੱਗਦਾ ਹੈ।)

ਸਦੈਵੰ ਸਰੂਪ ਹੈਂ ॥ ਅਭੇਦੀ ਅਨੂਪ ਹੈਂ ॥

ਅਰਥ:-ਤੇਰਾ ਨਿਰਗੁਣ ਸਰੂਪ ਸਦਾ ਰਹਿਣ ਵਾਲਾ ਹੈ । ਜਿਹੜੇ ਗੁਰਮੁਖ ਉਸ ਵਿੱਚ ਅਭੇਦ (ਲੀਨ) ਹੋ ਗਏ, ਉਹਨਾਂ ਨੂੰ ਤੂੰ ਬਹੁਤ ਸੁੰਦਰ ਲੱਗਦਾ ਹੈ।

ਸਮਸਤੋ ਪਰਾਜ ਹੈਂ ॥ ਸਦਾ ਸਰਬ ਸਾਜ ਹੈਂ ॥ ੧੨੬॥

ਅਰਥ:-ਸਾਰਿਆਂ ਨੂੰ ਪੈਦਾ ਕਰਕੇ, ਤੂੰ ਉਹਨਾਂ ਨੂੰ ਸਦਾ ਅਤੇ ਸਭ ਤਰ੍ਹਾਂ ਨਾਲ ਸਵਾਰਦਾ ਹੈਂ

ਸਮਸਤੁਲ ਸਲਾਮ ਹੈਂ ॥ ਸਦੈਵਲ ਅਕਾਮ ਹੈਂ ॥

ਅਰਥ:-ਜਿਹੜੇ ਗੁਰਮੁਖ ਸਦਾ ਵਾਸਤੇ ਕਾਮਨਾਂ ਤੋਂ ਰਹਿਤ ਹੋ ਗਏ, ਸਾਰੇ ਲੋਕ ਉਹਨਾਂ ਨੂੰ ਨਮਸਕਾਰਾਂ ਕਰਦੇ ਹਨ।

ਨ੍ਰਿਬਾਧ ਸਰੂਪ ਹੈਂ ॥ ਅਗਾਧਿ ਅਨੂਪ ਹੈਂ ॥੧੨੭॥

ਅਰਥ:-ਉਹ ਬਿਨਾਂ ਕਿਸੇ ਰੁਕਾਵਟ (ਬੰਧਨ) ਤੋਂ, ਆਪਣੇ ਆਤਮ ਸਰੂਪ ਵਿੱਚ ਸਥਿਰ ਹੋ ਗਏ । ਜਿਸ ਆਤਮਾ ਦੀ ਗਹਿਰਾਈ, ਉਪਮਾ ਅਤੇ ਪਾਰਾਵਾਰ ਤੋਂ ਰਹਿਤ ਹੈ ।

ਓਅੰ ਆਦਿ ਰੂਪੇ ॥ ਅਨਾਦਿ ਸਰੂਪੈ ॥
‘ਅਨਾਦਿ’- ਅਨ+ਆਦਿ- ਦੂਜਾ ਕੋਈ ਨਹੀਂ

ਅਰਥ:-ਸ੍ਰਿਸ਼ਟੀ ਦੇ ਅਰੰਭ ਤੋਂ ਉਸ ਆਤਮਾ ਦਾ, ਉਹੀ ਓਅੰਕਾਰ ਸਰੂਪ ਰਿਹਾ ਹੈ। (ਭਾਵ- ਉਹ ਆਤਮਾ ਹੀ ਓਅੰਕਾਰ ਦਾ ਸਰੂਪ ਹੈ।) ਸ੍ਰਿਸ਼ਟੀ ਅੰਦਰ ਉਸਦੇ ਮੁਕਾਬਲੇ ਦੂਜਾ ਕੋਈ ਸਰੂਪ ਨਹੀਂ ਹੈ।

ਅਨੰਗੀ ਅਨਾਮੇ ॥ ਤ੍ਰਿਭੰਗੀ ਤ੍ਰਿਕਾਮੇ ॥੧੨੮॥

ਅਰਥ:-ਉਸ ਆਤਮਾ ਦਾ ਸਰੂਪ, ਸਰੀਰ ਅਤੇ ਨਾਮ ਤੋਂ ਰਹਿਤ ਹੈ । ਜਿਹੜਾ ਕਿ ਤਿੰਨਾਂ ਤਾਪਾਂ (ਆਧੀ, ਬਿਆਧੀ, ਉਪਾਧੀ) ਨੂੰ ਨਾਸ਼ ਕਰਕੇ, ਤਿੰਨਾਂ ਲੋਕਾਂ ਦੇ ਜੀਵਾਂ ਦੀਆਂ ਕਾਮਨਾਵਾਂ ਨੂੰ ਪੂਰੀਆਂ ਕਰਦਾ ਹੈ।

ਤ੍ਰਿਬਰਗੰ ਬਾਧੇ ॥ ਅਗੰਜੇ ਅਗਾਧੇ ॥

ਅਰਥ:-ਤਿੰਨਾਂ ਹਾਲਤਾਂ (ਬਚਪਨ, ਜਵਾਨੀ, ਬੁਢਾਪਾ) ਵਿੱਚ ਸਾਰਿਆਂ ਜੀਵਾਂ ਨੂੰ, ਤਿੰਨਾਂ ਗੁਣਾਂ (ਰਜੋ, ਤਮੋ, ਸਤੋ) ਵਿੱਚ ਪ੍ਰਰੋਅ ਕੇ ਰੱਖਿਆ ਹੋਇਆ ਹੈ । ਤੇਰਾ ਇਸ ਤਰ੍ਹਾਂ ਦਾ ਸਰੂਪ ਨਾਸ਼ ਰਹਿਤ ਹੋਣ ਕਰਕੇ, ਉਸ ਦਾ ਥਾਹ ਨਹੀਂ ਪਾਇਆ ਜਾ ਸਕਦਾ।

ਸੁਭੰ ਸਰਬ ਭਾਗੇ ॥ ਸੁ ਸਰਬਾ ਅਨੁਰਾਗੇ ॥ ੧੨੯॥

ਅਰਥ:-ਤੂੰ ਸਾਰੀ ਸ੍ਰਿਸ਼ਟੀ ਦੇ ਹਿੱਸਿਆਂ ਵਿੱਚ ਸੁਭਾਇਮਾਨ ਹੋ ਰਿਹਾ ਹੈ । ਇਸ ਵਾਸਤੇ ਤੂੰ ਸਾਰਿਆਂ ਪ੍ਰਾਣੀਆਂ ਵਿੱਚ, ਪ੍ਰੇਮ ਦਾ ਰੂਪ ਕਰਕੇ ਸ਼ੁਸ਼ੋਭਿਤ ਹੈ।

ਤ੍ਰਿਭੁਗਤ ਸਰੂਪ ਹੈਂ ॥ ਅਛਿਜ ਹੈਂ ਅਛੂਤ ਹੈਂ ॥

ਅਰਥ:- ਹੇ ਪ੍ਰਭੂ ! ਤੇਰਾ ਸਰੂਪ ਤਿੰਨਾਂ ਲੋਕਾਂ ਨੂੰ ਭੋਗਣ ਵਾਲਾ ਹੈ । ਜਿਹੜਾ ਕਿ ਪਵਿੱਤਰ ਅਤੇ ਨਾਸ਼ ਹੋਣ ਤੋਂ ਰਹਿਤ ਹੈ ।

ਕਿ ਨਰਕੰ ਪ੍ਰਣਾਸ ਹੈਂ ॥ ਪ੍ਰਿਥੀਉਲ ਪ੍ਰਵਾਸ ਹੈਂ ॥ ੧੩੦॥

ਅਰਥ:- ਕੀ ਜੇਕਰ ਤੂੰ ਨਰਕ ਆਦਿ; ਸਭ ਨੂੰ ਨਾਸ਼ ਕਰਨ ਵਾਲਾ ਹੈਂ, ਫਿਰ ਵੀ ਤੂੰ ਧਰਤੀ ਉੱਤੇ ਨਿਵਾਸ ਕਰਦਾ ਹੈਂ ।

ਭਾਵ:-ਤੇਰੇ ਨਰਕਾਂ ਵਿੱਚ ਜਾਣ ਤੇ ਸਭ ਨਰਕ ਖ਼ਤਮ ਹੋ ਜਾਂਦੇ ਹਨ, ਫਿਰ ਤੂੰ ਧਰਤੀ ਉੱਤੇ ਕਿਵੇਂ ਨਿਵਾਸ ਕਰਦਾ ਹੈਂ ? (ਭਾਵ- ਧਰਤੀ ਤਾਂ ਖ਼ਤਮ ਨਹੀਂ ਹੁੰਦੀ)

ਨਿਰੁਕਤਿ ਪ੍ਰਭਾ ਹੈਂ ॥ ਸਦੈਵੰ ਸਦਾ ਹੈਂ ॥

ਅਰਥ:- ਤੇਰੇ ਤੇਜ਼ ਪ੍ਰਤਾਪ ਨੂੰ ਕਥਨ ਨਹੀਂ ਕੀਤਾ ਜਾ ਸਕਦਾ। ਜਿਹੜਾ ਕਿ ਇੱਕ ਰਸ ਅਤੇ ਸਦਾ ਰਹਿਣ ਵਾਲਾ ਹੈ।

ਬਿਭੁਗਤਿ ਸਰੂਪ ਹੈਂ ॥ ਪ੍ਰਜੁਗਤਿ ਅਨੂਪ ਹੈਂ ॥ ੧੩੧॥

ਅਰਥ:- ਤੇਰਾ ਆਤਮ ਸਰੂਪ, ਸ੍ਰਿਸ਼ਟੀ ਦੇ ਭੋਗਾਂ ਤੋਂ ਪਰ੍ਹੇ ਹੈ । ਪਰ ਜੁਗਤੀ ਦੁਆਰਾ ਸਾਰਿਆਂ ਨਾਲ ਜੁੜਿਆ ਹੋਣ ਕਰਕੇ ਉਪਮਾ ਤੋਂ ਰਹਿਤ ਹੈ।

ਨਿਰੁਕਤਿ ਸਦਾ ਹੈਂ ॥ ਬਿਭੁਗਤਿ ਪ੍ਰਭਾ ਹੈਂ ॥

ਅਰਥ:- ਤੂੰ ਦੋਨਾਂ ਤਰ੍ਹਾਂ ਦੀ ਹਾਲਤ (ਨਿਰਗੁਣ ਅਤੇ ਸਰਗੁਣ) ਵਿੱਚ ਸੋਭਾ ਪਾ ਕੇ, ਕਿਸੇ ਵੀ ਗਲਤੀ ਤੋਂ ਬਿਨਾਂ ਅਤੇ ਸਦਾ ਰਹਿਣ ਵਾਲਾ ਹੈਂ।

*ਅਨੁਕਤਿ ਸਰੂਪ ਹੈਂ ॥ ਪ੍ਰਜੁਗਤਿ ਅਨੂਪ ਹੈਂ ॥ ੧੩੨॥

ਅਰਥ:-ਤੇਰਾ ਸਰੂਪ ਬਿਆਨ ਕਰਨ ਤੋਂ ਰਹਿਤ ਹੈ । ਤੇਰੀਆਂ ਇਹਨਾਂ ਸਾਰੀਆਂ ਜੁਗਤੀਆਂ ਸਮੇਤ, ਤੂੰ ਬਹੁਤ ਸੁੰਦਰ ਹੈਂ । (ਜਾਂ) ਉਪਮਾ ਤੋਂ ਪਰ੍ਹੇ ਹੈਂ ।

ਇਸ ਛੰਦ ਵਿੱਚ ਗੁਰੂ ਸਾਹਿਬਾਂ ਨੇ ਬਾ-ਕਮਾਲ ਪ੍ਰਮੇਸ਼ਰ ਦੇ ਦੋਨਾਂ ਸਰੂਪਾਂ, ਨਿਰਗੁਣ ਅਤੇ ਸਰਗੁਣ ਦਾ ਚਿੱਤਰ ਖਿੱਚਿਆ ਹੈ। ਦਰਅਸਲ ਇਹ ਪ੍ਰਸ਼ਨ ਮਨ-ਬੁੱਧੀ ਦੇ ਅਧਾਰ ਤੇ ਨਹੀਂ ਕਹੇ ਗਏ। ਸਗੋਂ ਉਸ ਅਫੁਰ ਅਵਸਥਾ ਤੇ; ਜਿੱਥੇ ਪ੍ਰਮਾਤਮਾ ਦੇ ਦੋਨੋਂ ਸਰੂਪਾਂ ਦਾ ਅਨੁਭਵ ਪ੍ਰਪੱਕ ਹੋ ਜਾਂਦਾ ਹੈ; ਉਸ ਵਿਸਮਾਦ ਵਾਲੀ ਅਵਸਥਾ ਵਿੱਚ ਦੋਨਾਂ ਸਰੂਪਾਂ ਨੂੰ, ਗਿਆਨ ਦੀ ਅੱਖ ਰਾਹੀਂ ਦੇਖਿਆ ਜਾਂਦਾ ਹੈ । ਉੱਥੇ ਪ੍ਰਮਾਤਮਾ ਦੀ ਸਾਰੀ ਲੀਲ੍ਹਾ ਦੇ ਕੌਤਕ; ਇਸ ਤਰ੍ਹਾਂ ਅਸਚਰਜਤਾ ਨਾਲ ਭਰੇ ਹੋਏ ਮਹਿਸੂਸ ਹੋਣ ਲੱਗਦੇ ਹਨ, ਜਿਵੇਂ ਗੁਰੂ ਪਾਤਿਸ਼ਾਹ ਜੀ ਨੇ ਵਰਨਣ ਕੀਤੇ ਹਨ।

*ਨੋਟ:- ਉਰਦੂ ਅਤੇ ਫ਼ਾਰਸੀ ਵਿੱਚ ਇਸ ਰਚਨਾਂ ਨੂੰ ‘ਸ਼ਿਕਵਾ, ਜਵਾਬ-ਏ-ਸ਼ਿਕਵਾ' ਕਿਹਾ ਜਾਂਦਾ ਹੈ । ਉਰਦੂ ਅਤੇ ਫ਼ਾਰਸੀ ਵਿੱਚ ਅਲੱਗ-ਅਲੱਗ ਪ੍ਰਕਰਣਾਂ ਦੇ ਹਿਸਾਬ ਨਾਲ, ਇਹਨਾਂ ਸ਼ਬਦਾਂ ਦੇ ਹੋਰ ਵੀ ਬਹੁਤ ਸਾਰੇ ਅਰਥ ਹਨ । ਪਰ ਇਸ ਰਚਨਾਂ ਦੇ ਮੁਤਾਬਿਕ; ਗੁਰੂ ਸਾਹਿਬਾਂ ਨੇ ਜੋ ਅਰਥ ਬਖਸ਼ਿਸ਼ ਕੀਤੇ, ਉਹਨਾਂ ਨੂੰ ਉਸੇ ਤਰ੍ਹਾਂ ਲਿਖ ਦਿੱਤਾ ਗਿਆ ਹੈ।

  • Website:

    EternalPathbooks.com
  • Publishing Year:

    2024
  • Language:

    Punjabi
  • Publisher:

    Eternal Path Publications Society (Regd.)

Available Vyakhyas

Upcoming Vyakhyas