Nitnem Baniya (Amrit-Myi Baniya Da Guldasta) - Rehraas Sahib

Sunn Galaa Aakaas Kee

Nitnem Baniya (Amrit-Myi Baniya Da Guldasta) - Rehraas Sahib

ੴ ਸਤਿਗੁਰ ਪ੍ਰਸਾਦਿ ll
ਸਲੋਕੁ ਮ : ੧ ll
ਦੁਖੁ ਦਾਰੂ ਸੁਖੁ ਰੋਗੁ ਭਇਆ ਜਾ ਸੁਖੁ ਤਾਮਿ ਨ ਹੋਈ ll

ਅਰਥ:- ਹੇ ਪ੍ਰਭੂ ! ਜਿਸ ਸੁੱਖ ਵਿੱਚ ਤੇਰੀ ਯਾਦ; ਮਨ ਅੰਦਰੋਂ ਪੈਦਾ ਨਹੀਂ ਹੁੰਦੀ, ਉਹ ਸੁੱਖ ਸਾਡੇ ਵਾਸਤੇ ਰੋਗ ਹੋ ਗਿਆ ਅਤੇ ਦੁੱਖ ਵਿੱਚ ਤੂੰ ਯਾਦ ਹੋਣ ਕਰਕੇ, ਉਹੀ ਦੁੱਖ ਦਾਰੂ ਬਣ ਗਿਆ l

ਭਾਵ:- ਦੁੱਖ ਨੂੰ ਖੁਸ਼ੀ ਨਾਲ ਸਹਿ ਲੈਣ ਕਾਰਨ, ਮਨੁੱਖ ਵਿੱਚ ਧੀਰਜ ਦੀ ਸਥਾਪਨਾ ਹੋ ਜਾਂਦੀ ਹੈ l ਜਿਸ ਕਰਕੇ ਮਨ ਅੰਦਰ ਇੱਕ ਸਥਿਰਤਾ ਆ ਜਾਂਦੀ ਹੈ ਅਤੇ ਜਿਸ ਨਾਲ ਮਨੁੱਖ ਦੁਬਿਧਾ (ਦਵੰਦ) ਵਿੱਚ, ਆਪਣੇ ਆਪ ਨੂੰ ਥੋੜਾ-ਥੋੜਾ ਸੰਤੁਲਨ ਵਿੱਚ ਰਹਿਣ ਬਾਰੇ ਸਿੱਖਦਾ ਹੈ l ਦੁੱਖ ਵਿੱਚ ਸਾਡੀ ਨਜ਼ਰ, ਸਦਾ ਆਪਣੇ ਆਪ ਤੇ ਹੁੰਦੀ ਹੈ ਅਤੇ ਸੰਸਾਰ ਦੇ ਬਾਕੀ ਸਾਰੇ ਸੁੱਖ, ਉਸ ਸਮੇਂ ਚੰਗੇ ਨਹੀਂ ਲੱਗਦੇ l ਜਿਸ ਕਰਕੇ ਸਾਰੀ ਸੋਚ ਸਰੀਰ ਉੱਪਰ ਕੇਂਦਰ ਹੋਣ ਕਰਕੇ, ਅਸੀਂ ਆਪਣੇ ਮਨ ਨੂੰ ਦੇਖ ਅਤੇ ਸਮਝ ਸਕਦੇ ਹਾਂ l ਜੇਕਰ ਉਸ ਵੇਲੇ ਦੁਖੀ ਮਨੁੱਖ ਇਸ ਤਰ੍ਹਾਂ ਮਹਿਸੂਸ ਕਰੇ ਕਿ ਮੈਂ ਸਰੀਰ ਅਤੇ ਮਨ ਤੋਂ ਅਲੱਗ ਹੋ ਕੇ ; ਅਕਾਸ਼ ਵਿੱਚ ਮਿਲ ਗਿਆ ਹਾਂ l ਉਸ ਤੋਂ ਬਾਅਦ ਇਸ ਤਰ੍ਹਾਂ ਮਹਿਸੂਸ ਕਰੇ; ਜਿਵੇਂ ਅਸੀਂ ਕਿਤਾਬ ਨੂੰ ਪੜ੍ਹਦੇ ਹੋਏ, ਕਿਸੇ ਫੁਰਨੇ ਵਿੱਚ ਗੁਆਚ ਗਏ l ਇਸ ਤਰ੍ਹਾਂ ਅਕਾਸ਼ ਵਿੱਚ ਗੁਆਚ ਕੇ ਉਸ ਦਾ ਹੀ ਰੂਪ ਹੋ ਜਾਣ ਨਾਲ, ਇੱਕ ਬਹੁਤ ਵੱਡੀ ਘਟਨਾ ਘਟ ਸਕਦੀ ਹੈ l ਜਿਸ ਨੂੰ ਬਹੁਤ ਸਾਰੀ ਤੱਪਸਿਆ ਕਰਨ ਤੇ ਵੀ ਪ੍ਰਾਪਤ ਨਹੀਂ ਕੀਤਾ ਜਾ ਸਕਦਾ l ਉਸ ਘਟਨਾ ਵਿੱਚ ਦੁੱਖ ਬਿਲਕੁਲ ਭੁੱਲ ਜਾਂਦਾ ਹੈ ਅਤੇ ਅਨੰਦ ਦਾ ਵਿਸਫੋਟ ਹੋਣਾ ਸ਼ੁਰੂ ਹੋ ਜਾਂਦਾ ਹੈ l ਇਸ ਢੰਗ ਨਾਲ ਅਨੰਦ ਸਰੂਪ ਨਿਰਾਕਾਰ ਪ੍ਰਭੂ ਵਿੱਚ, ਕੁੱਝ ਸਮੇਂ ਵਾਸਤੇ ਲੀਨ ਹੋਇਆ ਜਾ ਸਕਦਾ ਹੈ l ਇਸੇ ਲਈ ਇਸ ਦੁੱਖ ਨੂੰ ਗੁਰੂ ਸਾਹਿਬਾਂ ਨੇ ਦਾਰੂ ਕਿਹਾ ਹੈ l ਅਗਰ ਇਹ ਘਟਨਾ ਨਾ ਵੀ ਘਟੇ ਅਤੇ ਫਿਰ ਵੀ ਜੇਕਰ ਸਾਨੂੰ ਉਸ ਦੁੱਖ ਨੂੰ ਸਹਿਣ ਦਾ ਢੰਗ ਆ ਜਾਵੇ ਤਾਂ ਇਸ ਵਿੱਚੋਂ ਪੈਦਾ ਹੋਇਆ ਧੀਰਜ ਸਭ ਤੋਂ ਉੱਤਮ ਗੁਣ ਹੈ l ਜੋ ਕਿ ਧਰਮ ਦੇ ਸਾਰੇ ਗੁਣਾਂ ਦਾ ਅਧਾਰ ਹੈ l

ਸੁੱਖ ਵਿੱਚ ਮਨੁੱਖ ਦੀ ਨਜ਼ਰ ਆਪਣੇ ਆਪ ਤੋਂ ਹਟ ਕੇ, ਸੰਸਾਰ ਦੀਆਂ ਵਸਤੂਆਂ ਜਾਂ ਪ੍ਰਾਣੀਆਂ ਤੇ ਚਲੀ ਜਾਂਦੀ ਹੈ l ਅਸੀਂ ਆਪਣੇ ਆਪ ਨੂੰ ਭੁੱਲ ਕੇ, ਧਿਆਨ ਦੁਆਰਾ ਦੂਜਿਆਂ ਨਾਲ ਜੁੜ ਜਾਂਦੇ ਹਾਂ l ਜਿਸ ਕਰਕੇ ਸਾਡੇ ਅੰਦਰੋਂ ਆਪ-ਭਾਵ ਗੁਆਚ ਜਾਂਦਾ ਹੈ l ਭਾਵ-ਅਸੀਂ ਮਨ ਨੂੰ ਆਪਣੇ ਅੰਦਰੋਂ ਨਹੀਂ ਦੇਖ ਸਕਦੇ ਅਤੇ ਉਸ ਦੀਆਂ ਚਲਾਕੀਆਂ-ਚੁਸਤੀਆਂ ਨੂੰ ਸਮਝ ਨਹੀਂ ਸਕਦੇ l ਮਨ ਤੋਂ ਦੂਰ ਹੋਣ ਕਰਕੇ, ਸਾਰੇ ਔਗੁਣ ਮਨ ਅੰਦਰ ਆਉਣੇ ਸ਼ੁਰੂ ਹੋ ਜਾਂਦੇ ਹਨ l ਜਿਸ ਕਰਕੇ ਉਹ ਔਗੁਣ ਇੱਕਠੇ ਹੋ ਕੇ, ਮਾਨਸਿਕ ਅਤੇ ਸਰੀਰਕ ਰੋਗ ਬਣ ਜਾਂਦੇ ਹਨ l

ਤੂੰ ਕਰਤਾ ਕਰਣਾ ਮੈ ਨਾਹੀ ਜਾ ਹਉ ਕਰੀ ਨ ਹੋਈ ll੧ll

ਇਸ ਪੰਕਤੀ ਵਿੱਚ ਗੁਰੂ ਜੀ ਨੇ ਹਉਮੈ ਦੇ ਦੋ ਤਰ੍ਹਾਂ ਦੇ ਪਹਿਲੂ ਪ੍ਰਗਟ ਕੀਤੇ ਹਨ l

ਅਰਥ:- ਹੇ ਪ੍ਰਭੂ ! ਤੂੰ ਹੀ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਅਤੇ ਸਾਰੇ ਕਾਰਨਾਂ ਅਤੇ ਕਾਰਜਾਂ ਨੂੰ ਕਰਨ ਵਾਲਾ ਹੈ l ਮੈਂ ਜੀਵ ਤਾਂ ਨਹੀਂ ਦੇ ਬਰਾਬਰ ਹਾਂ l (ਜਾਂ) ਇਸ ਤਰ੍ਹਾਂ ਕਹਿ ਲਵੋ ਕਿ ਮੇਰੇ ਕੀਤਿਆਂ ਕੁੱਝ ਵੀ ਨਹੀਂ ਹੋ ਸਕਦਾ, ਤੂੰ ਹੀ ਸਭ ਕੁੱਝ ਕਰਨ ਵਾਲਾ ਹੈਂ l
ਭਾਵ:- ਜਿਸ ਵੇਲੇ ਕਰਤਾ-ਭਾਵ(ਸੂਖਮ ਹਉਮੈ ) ਨਾਲ ਧਾਰਮਿਕ ਕੰਮ, ਸਿਮਰਨ, ਜਾਪ ਆਦਿ ਕਰਦੇ ਹਾਂ ਤਾਂ ਉਸ ਨਾਲ ਨਿਰਾਕਾਰ ਪ੍ਰਮਾਤਮਾ ਦਾ ਅਨੁਭਵ ਨਹੀਂ ਹੋ ਸਕਦਾ l ਥੋੜਾ ਜਿੰਨਾਂ ਲੇਸ਼ ਮਾਤਰ ਕਰਤਾ ਭਾਵ ਨਾਲ, ਸਰੀਰ ਅਤੇ ਦਿਮਾਗ਼ ਦੇ ਤੰਤੂ ਕਿਰਿਆਸ਼ੀਲ ਹੋ ਜਾਂਦੇ ਹਨ l ਜਿਸ ਕਰਕੇ ਮਾਨਸਿਕ ਤੌਰ ਤੇ ਸਰੀਰ ਅਤੇ ਦਿਮਾਗ਼ ਦੀਆਂ ਨਸਾਂ-ਨਾੜੀਆਂ ਵਿੱਚ ਅਕੜਾਅ ਆ ਜਾਂਦਾ ਹੈ ਅਤੇ ਵਿਚਾਰਾਂ ਦੀ ਗਤੀ ਘਟਣ ਦੀ ਥਾਂ, ਹੋਰ ਜ਼ਿਆਦਾ ਵੱਧ ਜਾਂਦੀ ਹੈ l ਜਿਸ ਵੇਲੇ ਅਸੀਂ ਸੁਤੇ-ਸਿੱਧ ਬਿਨਾਂ ਕਿਸੇ ਤਿਆਰੀ ਕੀਤੇ, ਧਿਆਨ ਜਾਂ ਜਾਪ ਨੂੰ ਕਰਦੇ ਹਾਂ ਤਾਂ ਮਨ ਜਲਦੀ ਸ਼ਾਂਤ ਹੋ ਜਾਂਦਾ ਹੈ l ਕਿਉਂਕਿ ਉਸ ਵੇਲੇ ਸਾਡੇ ਮਨ ਅੰਦਰ; ਕਿਸੇ ਤਰ੍ਹਾਂ ਦਾ ਕੁੱਝ ਕਰਨ ਵਾਸਤੇ, ਸਿੱਖਿਆ ਹੋਇਆ ਖ਼ਿਆਲ ਨਹੀਂ ਹੁੰਦਾ l ਸਹਿਜ ਸੁਭਾਅ ਅਨੁਸਾਰ ਮਨ ਦੇ ਵਿਚਾਰਾਂ ਦੀਆਂ ਤਰੰਗਾਂ ਘਟਦੀਆਂ ਹੋਈਆਂ ਸ਼ਾਂਤ ਹੋ ਜਾਂਦੀਆਂ ਹਨ l ਗੁਰਬਾਣੀ ਵਿੱਚ ਜਿਵੇਂ ਕਥਨ ਕੀਤਾ ਹੈ:-

ਹਰਿ ਕਾ ਬਿਲੋਵਨਾ ਬਿਲੋਵਹੁ ਮੇਰੇ ਭਾਈ ll
ਸਹਜਿ ਬਿਲੋਵਹੁ ਜੈਸੇ ਤਤੁ ਨ ਜਾਈ ll ੧ ll ਰਹਾਉ ll

ਭਾਵ:- ਹੇ ਮੇਰੇ ਭਰਾਵੋ ! ਦੁੱਧ ਰਿੜਕਣ ਦੀ ਤਰ੍ਹਾਂ, ਪ੍ਰਮਾਤਮਾ ਦੇ ਨਾਮ ਨੂੰ ਜਪਣਾ ਕਰੋ l ਸਹਿਜ ਦੇ ਢੰਗ ਨਾਲ ਉਸ ਦੁੱਧ ਨੂੰ ਰਿੜਕਣ ਵਾਂਗ ਜਾਪ ਕਰੋ l ਜਿਵੇਂ ਉਸ ਲੱਸੀ ਦੇ ਅੰਦਰ ਮੱਖਣ ਘੁਲ ਜਾਣ ਕਰਕੇ, ਉਸ ਮੱਖਣ ਨੂੰ ਪ੍ਰਾਪਤ ਨਹੀਂ ਕਰ ਸਕਦੇ l ਇਸੇ ਤਰ੍ਹਾਂ ਨਾਮ ਜਪਣ ਦੀਆਂ ਵਿਧੀਆਂ ਨਾਲ ਕਰਤਾ-ਪਨ ਵਿੱਚ ਹੀ ਕਿਤੇ ਇਕਾਗਰਤਾ ਖ਼ਤਮ ਨਾ ਹੋ ਜਾਵੇ l ਇਕਾਗਰਤਾ (ਵਿਚਾਰ ਰਹਿਤ ਅਵਸਥਾ) ਦੇ ਖ਼ਿਆਲ ਨੂੰ ਮੁੱਖ ਰੱਖ ਕੇ, ਬਾਣੀ ਦਾ ਪਾਠ ਸਿਮਰਨ, ਜਾਪ, ਧਿਆਨ ਆਦਿ ਕਰਨਾ ਚਾਹੀਦਾ ਹੈ l

ਬਲਿਹਾਰੀ ਕੁਦਰਤਿ ਵਸਿਆ ਤੇਰਾ ਅੰਤੁ ਨ ਜਾਈ ਲਖਿਆ ll੧ll ਰਹਾਉ ll

ਅਰਥ:- ਹੇ ਪ੍ਰਭੂ ! ਮੈਂ ਤੇਰੇ ਤੋਂ ਸਦਕੇ ਜਾਂਦਾ ਹਾਂ ਕਿ ਤੂੰ ਸ੍ਰਿਸ਼ਟੀ ਵਿੱਚ, ਕਿਨ੍ਹਾਂ ਢੰਗਾਂ ਨਾਲ ਕਿਸ ਤਰ੍ਹਾਂ ਵਸਿਆ ਹੋਇਆ ਹੈਂ ? ਸ੍ਰਿਸ਼ਟੀ ਅੰਦਰ ਤੂੰ ਜੀਵਾਂ ਅਤੇ ਵਸਤੂਆਂ ਦੇ ਰੂਪਾਂ ਵਿੱਚ ਕਿੰਨੇ ਤਰੀਕਿਆਂ ਨਾਲ ਫੈਲਿਆ ਹੋਇਆ ਹੈ, ਉਹਨਾਂ ਸਾਰਿਆਂ ਵਿੱਚੋਂ ਤੇਰੇ ਅੰਤ ਨੂੰ ਜਾਣਿਆ ਨਹੀਂ ਜਾ ਸਕਦਾ l

ਇਹਨਾਂ ਤੱਤ ਸਿਧਾਂਤ ਦੀਆਂ ਪੰਕਤੀਆਂ ਨੂੰ ਮੁੜ ਵਿਚਾਰਨ ਵਾਸਤੇ ‘ਰਹਾਉ’ ਸ਼ਬਦ ਵਰਤਿਆ ਜਾਂਦਾ ਹੈ l

ਜਾਤਿ ਮਹਿ ਜੋਤਿ ਜੋਤਿ ਮਹਿ ਜਾਤਾ ਅਕਲ ਕਲਾ ਭਰਪੂਰਿ ਰਹਿਆ ll
ਤੂੰ ਸਚਾ ਸਾਹਿਬੁ ਸਿਫਤਿ ਸੁਆਲਿ੍ਉ ਜਿਨਿ ਕੀਤੀ ਸੋ ਪਾਰਿ ਪਇਆ ll

ਅਰਥ:- ਹੇ ਪ੍ਰਭੂ ! ਸਾਰਿਆਂ ਜੀਵਾਂ ਅੰਦਰ ਤੇਰੀ ਜੋਤ(ਆਤਮਾ) ਵਸ ਰਹੀ ਹੈ ਅਤੇ ਉਸ ਆਤਮਾ ਦੇ ਗਿਆਨ ਨੂੰ ਪ੍ਰਾਪਤ ਕਰਨ ਨਾਲ, ਤੇਰੇ ਨਿਰਾਕਾਰ ਸਰੂਪ ਦਾ ਅਨੁਭਵ ਕੀਤਾ ਜਾ ਸਕਦਾ ਹੈ l (ਜਾਂ) ਸਾਰਿਆਂ ਜੀਵਾਂ ਵਿੱਚ ਤੇਰੀ ਜੋਤ(ਆਤਮਾ) ਹੋਣ ਕਰਕੇ, ਤੂੰ ਉਹਨਾਂ ਜੀਵਾਂ ਵਿੱਚ ਜਾਣਿਆ ਜਾਂਦਾ ਹੈ l ਇਸ ਤਰ੍ਹਾਂ ਤੂੰ ਸਾਰਿਆਂ ਢੰਗਾਂ ਵਿੱਚ ਰਹਿੰਦਾ ਹੋਇਆਂ ਵੀ, ਉਹਨਾਂ ਤਰੀਕਿਆਂ ਤੋਂ ਬਾਹਰ ਹੋ ਕਰਕੇ, ਸਾਰੀ ਸ੍ਰਿਸ਼ਟੀ ਵਿੱਚ ਪੂਰੀ ਤਰ੍ਹਾਂ ਭਰਿਆ ਹੋਇਆ ਹੈਂ l

ਤੂੰ ਹੀ ਇਸ ਸ੍ਰਿਸ਼ਟੀ ਦਾ ਸਦਾ ਰਹਿਣ ਵਾਲਾ ਮਾਲਕ ਅਤੇ ਸਾਰਿਆਂ ਦੇ ਹਿਰਦੇ ਅੰਦਰ ਆਤਮਿਕ ਤੌਰ ਤੇ ਸ਼ਲਾਘਾ ਯੋਗ ਹੈਂl ਜਿਨ੍ਹਾਂ ਗੁਰਮੁਖਾਂ ਨੇ ਉਸ ਆਤਮਾ ਦੀ ਮਹਿਮਾ ਕੀਤੀ, (ਭਾਵ- ਆਤਮਿਕ ਅਨੰਦ ਨੂੰ ਜਾਣਿਆ) ਉਹ ਗੁਰਮੁਖ ਮਨ ਦੇ ਪੰਜਾਂ ਵਿਕਾਰਾਂ ਤੋਂ ਮੁਕਤ ਹੋ ਗਏ l

ਕਹੁ ਨਾਨਕ ਕਰਤੇ ਕੀਆ ਬਾਤਾ ਜੋ ਕਿਛੁ ਕਰਣਾ ਸੁ ਕਰਿ ਰਹਿਆ ll੨ll

ਅਰਥ:-ਗੁਰੂ ਜੀ ਕਹਿੰਦੇ ਹਨ ਕਿ ਉੱਪਰ ਵਾਲਿਆਂ ਸਾਰੀਆਂ ਗੱਲਾਂ, ਮੈਂ ਉਸ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲੇ ਪ੍ਰਭੂ ਦੀਆਂ ਕਹੀਆਂ ਹਨ l ਉਸ ਨੇ ਜੋ-ਜੋ ਕੁੱਝ ਇਸ ਸ੍ਰਿਸ਼ਟੀ ਵਿੱਚ ਕਰਨਾ ਹੈ, ਓਹੋ ਕੁੱਝ ਹੀ ਉਹ ਕਰ ਰਿਹਾ ਹੈ l

  • Website:

    EternalPathbooks.com
  • Publishing Year:

    2024
  • Language:

    Punjabi
  • Publisher:

    Eternal Path Publications Society (Regd.)

Available Vyakhyas

Upcoming Vyakhyas